ਅਮਰੀਕਾ ਦੀ ਯਾਤਰਾ ‘ਤੇ ਗਏ ਵਿਦੇਸ਼ ਸਕੱਤਰ ਜੈਸ਼ੰਕਰ ਨੇ ਟਰੰਪ ਪ੍ਰਸ਼ਾਸਨ ਸਾਹਮਣੇ ਚੁੱਕੇ ਇਹ ਅਹਿਮ ਮੁੱਦੇ

53
ਨਵੀਂ ਦਿੱਲੀ— ਭਾਰਤ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਐੱਚ-1ਬੀ ਵੀਜ਼ਾ ਅਤੇ ਕੰਸਾਸ ‘ਚ ਹੋਈ ਗੋਲੀਬਾਰੀ ਦੀ ਘਟਨਾ ਦਾ ਮੁੱਦਾ ਚੁੱਕਿਆ ਹੈ। 4 ਦਿਨਾਂ ਅਮਰੀਕੀ ਯਾਤਰਾ ‘ਤੇ ਗਏ ਭਾਰਤ ਦੇ ਵਿਦੇਸ਼ ਸਕੱਤਰ ਐੱਸ. ਜੈਸ਼ੰਕਰ ਨੇ ਇਨ੍ਹਾਂ ਮੁੱਦਿਆਂ ਨੂੰ ਚੁੱਕਿਆ। ਵਿਦੇਸ਼ ਸਕੱਤਰ ਨੇ ਵਾਸ਼ਿੰਗਟਨ ‘ਚ ਇਕ ਪੱਤਰਕਾਰ ਸੰਮੇਲਨ ‘ਚ ਆਪਣੀ ਯਾਤਰਾ ਨੂੰ ਬਹੁਤ ਉਪਯੋਗੀ ਦੱਸਦੇ ਹੋਏ ਕਿਹਾ ਕਿ ਅੱਤਵਾਦ, ਅਫਗਾਨਿਸਤਾਨ ਅਤੇ ਏਸ਼ੀਆ ਪ੍ਰਸ਼ਾਂਤ ਖੇਤਰ ਤੋਂ ਇਲਾਵਾ ਦੋਹਾਂ ਦੇਸ਼ਾਂ ਵਿਚਾਲੇ ਦੋ-ਪੱਖੀ ਮੁੱਦਿਆਂ ‘ਤੇ ਵੀ ਚਰਚਾ ਹੋਈ।
ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਐੱਚ-1ਬੀ ਦੇ ਮੁੱਦੇ ‘ਤੇ ਗੱਲ ਕੀਤੀ ਹੈ ਕਿ ਇਸ ਨਾਲ ਅਮਰੀਕੀ ਅਰਥ ਵਿਵਸਥਾ ਨੂੰ ਮਦਦ ਮਿਲਦੀ ਹੈ। ਐੱਚ-ਬੀ1 ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ, ਜਿਸ ਦੇ ਜ਼ਰੀਏ ਅਮਰੀਕੀ ਕੰਪਨੀਆਂ ਨੂੰ ਆਪਣੇ ਤਕਨੀਕੀ ਅਤੇ ਹੋਰ ਖੇਤਰਾਂ ‘ਚ ਵਿਦੇਸ਼ੀ ਕਰਮਚਾਰੀਆਂ ਨੂੰ ਆਪਣੇ ਇੱਥੇ ਕੰਮ ‘ਤੇ ਰੱਖਣ ਦੀ ਆਗਿਆ ਹੈ। ਦੱਸਣ ਯੋਗ ਹੈ ਕਿ ਅਮਰੀਕਾ ਭਾਰਤੀਆਂ ਲਈ ਹਰੇਕ ਸਾਲ 65 ਹਜ਼ਾਰ ਐੱਚ-1ਬੀ ਵੀਜ਼ਾ ਜਾਰੀ ਕਰਦਾ ਹੈ।
ਵਿਦੇਸ਼ ਸਕੱਤਰ ਨੇ ਅਮਰੀਕੀ ਅਧਿਕਾਰੀਆਂ ਨਾਲ ਕੰਸਾਸ ਸ਼ਹਿਰ ਵਿਚ ਇਕ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਕੁਚੀਭੋਤਲਾ ਦੀ ਹੱਤਿਆ ਮਾਮਲੇ ‘ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਘਟਨਾ ‘ਤੇ ਡੂੰਘਾ ਦੁੱਖ ਹੈ ਅਤੇ ਇਸ ਨੂੰ ਇਕ ਵਿਅਕਤੀਗਤ ਘਟਨਾ ਦੇ ਤੌਰ ‘ਤੇ ਲੈਣਾ ਚਾਹੀਦਾ ਹੈ, ਕਿਉਂਕਿ ਪੂਰਾ ਅਮਰੀਕੀ ਸਮਾਜ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਨਿਆਂ ਵਿਵਸਥਾ ਦੋਸ਼ੀਆਂ ਨੂੰ ਸਜ਼ਾ ਦੇਵੇਗੀ। ਜੈਸ਼ੰਕਰ ਨੇ ਕਿਹਾ ਕਿ ਅਮਰੀਕਾ, ਭਾਰਤ ਨੂੰ ਮਜ਼ਬੂਤ ਆਰਥਿਕ ਸਹਿਯੋਗੀ ਦੇਸ਼ ਦੇ ਤੌਰ ‘ਤੇ ਦੇਖਦਾ ਹੈ।