ਅਮਰੀਕਾ ਨੇ ਪਾਕਿਸਤਾਨੀ ਸੈਨੇਟ ਦੇ ਡਿਪਟੀ ਚੇਅਰਮੈਨ ਨੂੰ ਵੀਜ਼ਾ ਦੇਣ ਤੋਂ ਕੀਤਾ ਇਨਕਾਰ

ਇਸਲਾਮਾਬਾਦ— ਪਾਕਿਸਤਾਨੀ ਸੈਨੇਟ ਦੇ ਡਿਪਟੀ ਚੇਅਰਮੈਨ ਨੂੰ ਅਮਰੀਕਾ ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਨਾਲ ਦੋ ਮੈਂਬਰੀ ਵਫਦ ਦਾ ਪ੍ਰਸਤਾਵਿਤ ਦੌਰਾ ਰੱਦ ਹੋ ਗਿਆ ਹੈ। ਦੱਸਣ ਯੋਗ ਹੈ ਕਿ ਡਿਪਟੀ ਚੇਅਰਮੈਨ ਅਤੇ ਜਮੀਅਤ-ਉਲੇਮਾ-ਇਸਲਾਮ ਦੇ ਜਨਰਲ ਸਕੱਤਰ ਮੌਲਾਨਾ ਅਬਦੁੱਲ ਗਫੂਰ ਹੈਦਰੀ ਸੰਯੁਕਤ ਰਾਸ਼ਟਰ ਹੈੱਡਕੁਆਟਰ ‘ਚ 13 ਅਤੇ 14 ਫਰਵਰੀ ਨੂੰ ਹੋਣ ਵਾਲੀ ਇੰਟਰ-ਪਾਰਲੀਮੈਂਟਰੀ ਯੂਨੀਅਨ ਦੀ ਬੈਠਕ ‘ਚ ਸ਼ਾਮਲ ਹੋਣ ਲਈ ਨਿਊਯਾਰਕ ਜਾਣ ਵਾਲੇ ਸਨ।
ਸੈਨੇਟਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਸਲਾਹੂਦੀਨ ਤਿਰਮਿਜੀ ਵੀ ਹੈਦਰੀ ਨਾਲ ਅਮਰੀਕਾ ਜਾਣ ਵਾਲੇ ਸਨ ਅਤੇ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਹੀ ਅਮਰੀਕੀ ਵੀਜ਼ਾ ਪ੍ਰਦਾਨ ਕਰ ਦਿੱਤਾ ਗਿਆ ਸੀ। ਪਾਕਿਸਤਾਨੀ ਸੈਨੇਟ ਦੇ ਚੇਅਰਮੈਨ ਰਜ਼ਾ ਰੱਬਾਨੀ ਦੇ ਨਿਰਦੇਸ਼ ‘ਤੇ ਦੋਹਾਂ ਸੈਨੇਟਰਾਂ ਦੀ ਯਾਤਰਾ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਕੁਝ ਪਹਿਲਾਂ ਅਮਰੀਕਾ ਦੀ ਇਕ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਵਿਵਾਦਪੂਰਨ ਸ਼ਾਸਕੀ ਹੁਕਮ ਨੂੰ ਬਹਾਲ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਤਹਿਤ 7 ਮੁਸਲਿਮ ਬਹੁਲ ਦੇਸ਼ਾਂ ਦੇ ਨਾਗਰਿਕਾਂ ‘ਤੇ ਅਮਰੀਕਾ ‘ਚ ਦਾਖਲ ਹੋਣ ‘ਤੇ ਰੋਕ ਲਾ ਦਿੱਤੀ ਗਈ ਸੀ। ਇਸ ‘ਚ ਹਾਲਾਂਕਿ ਪਾਕਿਸਤਾਨ ਦਾ ਨਾਂ ਨਹੀਂ ਹੈ। ਅਧਿਕਾਰਤ ਸੂਤਰਾਂ ਦੇ ਹਵਾਲੇ ਤੋਂ ਪਾਕਿਸਤਾਨੀ ਅਖਬਾਰ ਨੇ ਕਿਹਾ ਕਿ ਸੈਨੇਟ ਸਕੱਤਰੇਤ ਨੇ ਦੋ ਹਫਤੇ ਪਹਿਲਾਂ ਦੋਹਾਂ ਸੈਨੇਟਰਾਂ ਦੇ ਵੀਜ਼ੇ ਲਈ ਬੇਨਤੀ ਕੀਤੀ ਸੀ। ਰੱਬਾਨੀ ਨੇ ਆਪਣੇ ਸਕੱਤਰੇਤ ਨੂੰ ਨਿਰਦੇਸ਼ ਜਾਰੀ ਕੀਤਾ ਹੈ ਕਿ ਮੁੱਦੇ ਦੇ ਹੱਲ ਹੋਣ ਤੱਕ ਕਿਸੇ ਅਮਰੀਕੀ ਵਫਦ ਜਾਂ ਡਿਪਲੋਮੈਟ ਨੂੰ ਤਵੱਜੋਂ ਨਾ ਦਿੱਤੀ ਜਾਵੇ।

LEAVE A REPLY