ਆਪਣੇ ਹੀ ਬੁਣੇ ਜਾਲ ‘ਚ ਫਸੇ ਦੋ ਐਡਮਿੰਟਨਵਾਸੀ, ਹਵਾਈ ਯਾਤਰਾ ਦੌਰਾਨ ਸਾਮਾਨ ਚੋਰੀ ਹੋਣ ਦਾ ਕੀਤਾ ਸੀ ਦਾਅਵਾ

49
ਐਡਮਿੰਟਨ — ਹਵਾਈ ਯਾਤਰਾ ਦੌਰਾਨ ਆਪਣਾ ਸਾਮਾਨ ਚੋਰੀ ਹੋਣ ਦਾ ਝੂਠਾ ਦਾਅਵਾ ਕਰਨ ਵਾਲੇ ਦੋ ਐਡਮਿੰਟਨਵਾਸੀ ਆਪਣੇ ਹੀ ਬੁਣੇ ਜਾਲ ਵਿਚ ਬੁਰੀ ਤਰ੍ਹਾਂ ਫਸ ਗਏ ਹਨ। ਪੁਲਸ ਅਨੁਸਾਰ ਇਕ 27 ਸਾਲਾ ਵਿਅਕਤੀ ਨੇ 26 ਜਨਵਰੀ ਨੂੰ ਹੈਮਿਲਟਨ ਤੋਂ ਐਡਮਿੰਟਨ ਦੀ ਵੈਸਟਜੈੱਟ ਦੀ ਉਡਾਣ ਦੌਰਾਨ ਆਪਣੇ ਸਾਮਾਨ ਦੇ ਦੋ ਬੈਗ ਚੋਰੀ ਹੋਣ ਦੀ ਸ਼ਿਕਾਇਤ ਕੀਤੀ ਸੀ। ਉਸ ਦੇ ਨਾਲ ਹੀ ਉਸ ਨੇ ਏਅਰਲਾਈਨ ‘ਤੇ 5000 ਡਾਲਰ ਦਾ ਮੁਕੱਦਮਾ ਠੋਕਿਆ ਸੀ। ਉਸ ਦੇ ਝੂਠ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ ਉਸ ਨੂੰ ਕੈਮਰੇ ਦੀ ਰਿਕਾਰਡਿੰਗ ਵਿਚ ਏਅਰਪੋਰਟ ਤੋਂ ਆਪਣੇ ਸਾਮਾਨ ਵਾਲੇ ਬੈਗਾਂ ਨੂੰ ਲਿਜਾਂਦੇ ਹੋਏ ਦੇਖਿਆ ਗਿਆ।
ਅਜਿਹੇ ਇਕ ਹੋਰ ਮਾਮਲੇ ਵਿਚ ਇਕ ਹੋਰ ਵਿਅਕਤੀ ਨੇ ਲਾਸ ਏਂਜਲਸ ਤੋਂ ਐਡਮਿੰਟਨ ਦੀ ਵੈਸਟਜੈੱਟ ਏਅਰਲਾਈਨ ਦੀ ਉਡਾਣ ਦੌਰਾਨ ਆਪਣੇ ਬੈਗ ਦੇ ਗੁੰਮ ਹੋਣ ਦਾ ਦਾਅਵਾ ਪੇਸ਼ ਕੀਤਾ ਸੀ ਅਤੇ 2000 ਡਾਲਰ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਵੀਡੀਓ ਵਿਚ ਇਸ ਵਿਅਕਤੀ ਦੇ ਝੂਠੇ ਦਾਅਵਿਆਂ ਦੀ ਵੀ ਪੋਲ ਖੁੱਲ੍ਹ ਗਈ। ਉਪਰੋਕਤ ਦੋਹਾਂ ਵਿਅਕਤੀਆਂ ਨੂੰ ਧੋਖਾਧੜੀ ਕਰਨ ਅਤੇ ਏਅਰਲਾਈਨ ਦਾ ਨਾਂ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕਰ ਲਿਆ ਗਿਆ ਹੈ।