ਇਥੇ ਛੋਟੇ ਬੱਚਿਆਂ ਦੇ ਭਵਿੱਖ ਨਾਲ ਕੀਤਾ ਜਾ ਰਿਹੈ ਖਿਲਵਾੜ, ਸ਼ਰ੍ਹੇਆਮ ਵੇਚੀ ਜਾ ਰਹੀ ਹੈ ਉਨ੍ਹਾਂ ਨੂੰ ਸ਼ਰਾਬ

ਜਿੱਥੇ ਇਕ ਪਾਸੇ ਤਾਂ ਸਰਕਾਰ ਸਕੂਲਾਂ ‘ਚ ਬੱਚਿਆਂ ਨੂੰ ਸਿੱਖਿਆ ਦਾ ਹੱਕ ਦਿਵਾਉਣ ਲਈ ਕੋਸ਼ਿਸ਼ ਕਰ ਰਹੀ ਹੈ, ਨਸ਼ਿਆਂ ਖਿਲਾਫ ਵੀ ਮੁਹਿੰਮਾਂ ਵਿੱਢੀਆਂ ਜਾ ਰਹੀਆਂ ਹੈ, ਇਸ ਦੇ ਉਲਟ ਕਰਿਆਨੇ ਦੀਆਂ ਦੁਕਾਨਾਂ ਵਾਂਗ ਥਾਂ-ਥਾਂ ਖੁੱਲ੍ਹੇ ਸ਼ਰਾਬ ਦੇ ਠੇਕੇ ਆਪਣੀ ਆਮਦਨ ਵਧਾਉਣ ਲਈ ਸਰਕਾਰ ਦੇ ਇਨ੍ਹਾਂ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਦੀ ਤਾਜ਼ਾ ਉਦਾਹਰਣ ਬੀਤੇ ਦਿਨ ਭਾਦਸੋਂ ਨੇੜੇ ਪਿੰਡ ਦਿੱਤੂਪੁਰ ਦੇ ਮੇਨ ਬੱਸ ਸਟਾਪ ‘ਤੇ ਖੁੱਲ੍ਹੇ ਠੇਕੇ ਦੇ ਇਕ ਕਰਿੰਦੇ ਵੱਲੋਂ ਛੋਟੀ ਉਮਰ ਦੇ ਬੱਚੇ ਨੂੰ ਸ਼ਰਾਬ ਦੀ ਬੋਤਲ ਵੇਚਦੇ ਵੇਖਿਆ ਗਿਆ। ਪੱਤਰਕਾਰ ਵੱਲੋਂ ਉਕਤ ਬੱਚੇ ਨੂੰ ਸ਼ਰਾਬ ਲੈਂਦਿਆਂ ਆਪਣੇ ਕੈਮਰੇ ‘ਚ ਕੈਦ ਕਰ ਲਿਆ ਗਿਆ। ਪੰਜਾਬ ਸਰਕਾਰ ਵੱਲੋਂ ਨਾਬਾਲਗਾਂ ਨੂੰ ਸ਼ਰਾਬ ਵੇਚਣ ਦੀ ਮਨਾਹੀ ਹੋਣ ਦੇ ਬਾਵਜੂਦ ਠੇਕੇ ਦੇ ਕਰਿੰਦਿਆਂ ਵੱਲੋਂ ਅਕਸਰ ਹੀ ਸਰਕਾਰੀ ਹੁਕਮਾਂ ਨੂੰ ਟਿੱਚ ਸਮਝਿਆ ਜਾਂਦਾ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਸਰਕਾਰੀ ਹੁਕਮ ਸਿਰਫ ਕਾਗਜ਼ਾਂ ਤਕ ਹੀ ਸੀਮਿਤ ਰਹਿੰਦੇ ਹਨ। ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਦਾ ਕੋਈ ਵੀ ਵਿਭਾਗ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਗਾਂਧੀ ਜਯੰਤੀ ਤੇ ਹੋਰ ਡਰਾਈ ਡੇ ਮੌਕੇ ਸ਼ਰਾਬ ਦੇ ਠੇਕੇ ਬੰਦ ਹੋਣ ਦੇ ਬਾਵਜੂਦ ਕਰਿੰਦਿਆਂ ਵੱਲੋਂ ਚੋਰ ਮੋਰੀ ਰਾਹੀਂ ਸ਼ਰਾਬ ਵੇਚਣ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ ਅਤੇ ਵਿਭਾਗ ਕੁਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਗੋਰਖਧੰਦਾ ਚਲਾਇਆ ਜਾ ਰਿਹਾ ਹੈ। ਜਦੋਂ ਇਸ ਸੰਬੰਧੀ ਐਕਸਾਈਜ਼ ਵਿਭਾਗ ਦੇ ਈ. ਟੀ. ਓ. ਕੁਲਦੀਪ ਸਿੰਘ ਧਾਲੀਵਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਐਕਸਾਈਜ਼ ਅਧਿਕਾਰੀ 24 ਘੰਟੇ ਠੇਕਿਆਂ ਦੀ ਨਿਗਰਾਨੀ ਨਹੀਂ ਕਰ ਸਕਦਾ। ਜਦੋਂ ਬੱਚੇ ਨੂੰ ਸ਼ਰਾਬ ਵੇਚਣ ਦੀ ਮਨਾਹੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਬੱਚਾ ਤੁਹਾਡੇ ਵੱਲੋਂ ਹੀ ਭੇਜਿਆ ਗਿਆ ਹੋ ਸਕਦਾ ਹੈ, ਤੁਸੀਂ ਮੇਰੇ ਨਾਲ ਬਹਿਸ ਨਾ ਕਰੋ, ਕਹਿ ਕੇ ਫੋਨ ਕੱਟ ਦਿੱਤਾ। ਇਸ ਮਾਮਲੇ ਬਾਰੇ ਜਦੋਂ ਐਕਸਾਈਜ਼ ਕਮਿਸ਼ਨਰ ਸੁਰਿੰਦਰ ਗਰਗ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਕਤ ਸ਼ਰਾਬ ਵਿਕਰੇਤਾ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

LEAVE A REPLY