ਇਸ ਦਿਨ ਵੈਨਕੂਵਰ ਏਅਰਪੋਰਟ ‘ਤੇ ਮੌਜੂਦ ਰਹੇ ਲੋਕਾਂ ਲਈ ਖਾਸ ਚਿਤਾਵਨੀ, ਹੋ ਸਕਦੇ ਹੋ ਇਸ ਬੀਮਾਰੀ ਦੇ ਸ਼ਿਕਾਰ!

35
ਵੈਨਕੂਵਰ— 24 ਫਰਵਰੀ ਨੂੰ ਕੈਨੇਡਾ ਦੇ ਵੈਨਕੂਵਰ ਅੰਤਰਰਾਸ਼ਟਰੀ ਏਅਰਪੋਰਟ ‘ਤੇ ਆਉਣ ਅਤੇ ਜਾਣ ਵਾਲੇ  ਲੋਕਾਂ ਲਈ ਖਾਸ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਦਿਨ ਏਅਰਪੋਰਟ ‘ਤੇ ਮੌਜੂਦ ਲੋਕਾਂ ਦੇ ਮੀਸਲ ਵਾਇਰਸ ਦੀ ਲਪੇਟ ਵਿਚ ਆਉਣ ਦਾ ਖਤਰਾ ਹੈ। ਵੈਨਕੂਵਰ ਦੇ ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਯਾਤਰੀਆਂ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਵੈਨਕੂਵਰ ਏਰਪੋਰਟ ਤੋਂ 24 ਫਰਵਰੀ ਦੀ ਰਾਤ ਨੂੰ 10.20 ‘ਤੇ ਉਡਾਣ ਭਰਨ ਵਾਲੀ ਵੈਸਟਜੈੱਟ ਦੀ ਫਲਾਈਟ ‘ਡਬਲਿਊ ਐੱਸ 186’ ਅਤੇ ਸ਼ਾਮ 6.10 ਵਜੇ ਪਹੁੰਚਣ ਵਾਲੀ ਚਾਈਨਾ ਏਅਰਲਾਈਨ ਫਲਾਈਟ ‘ਸੀ132’ ਦੇ ਮੁਸਾਫਰਾਂ ਦੇ ਇਸ ਵਾਇਰਸ ਦੀ ਲਪੇਟ ਵਿਚ ਆਉਣ ਦਾ ਖਤਰਾ ਜ਼ਿਆਦਾ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਨੇ ਕਿਹਾ ਕਿ ਉਸ ਦਿਨ ਸ਼ਾਮ 6 ਵਜੇ ਤੋਂ ਰਾਤ 12.20 ਵਜੇ ਤੱਕ ਏਅਰਪੋਰਟ ਦੇ ਡੋਮੈਸਟਿਕ ਟਰਮੀਨਲ ਅਤੇ ਕਸਟਮਰ ਖੇਤਰ ਵਿਚ ਮੌਜੂਦ ਲੋਕ ਵੀ ਇਸ ਖਤਰੇ ਦੇ ਦਾਇਰੇ ਵਿਚ ਹਨ। ਉਹ ਲੋਕ ਜੋ ਉਪਰੋਕਤ ਦੋਹਾਂ ਏਅਰਲਾਈਨਾਂ ਦੀਆਂ ਉਕਤ ਫਲਾਈਟਾਂ ਦੇ ਮੁਸਾਫਰ ਸਨ ਜਾਂ ਫਿਰ ਇਨ੍ਹਾਂ ਟਰਮੀਨਲਾਂ ‘ਤੇ ਮੌਜੂਦ ਸਨ, ਉਹ 18 ਮਾਰਚ ਤੱਕ ਮੀਸਲ ਵਾਇਰਸ ਦੇ ਲੱਛਣਾਂ ਨੂੰ ਦੇਖਣ ਅਤੇ ਜੇਕਰ ਨੱਕ ਵਹਿਣ, ਖਾਂਸੀ, ਬੁਖਾਰ, ਗੁਲਾਬੀ ਅੱਖਾਂ ਅਤੇ ਸਰੀਰ ‘ਤੇ ਲਾਲ ਧੱਬੇ ਦਿਖਾਈ ਦਿੰਦੇ ਹਨ ਤਾਂ ਉਹ ਤੁਰੰਤ ਇਸ ਦੀ ਜਾਂਚ ਕਰਵਾਉਣ। ਸਿਹਤ ਵਿਭਾਗ ਨੇ ਦੱਸਿਆ ਕਿ ਜ਼ਿਆਦਾਤਰ ਲੋਕ ਇਸ ਵਾਇਰਸ ਤੋਂ ਬਚ ਜਾਂਦੇ ਹਨ ਪਰ 1000 ਤੋਂ 3 ਮਾਮਲੇ ਅਜਿਹੇ ਹੁੰਦੇ ਹਨ, ਜੋ ਗੰਭੀਰ ਹੋ ਜਾਂਦੇ ਹਨ। ਇਸ ਲਈ ਇਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਮੀਸਲ ਵਾਇਰਸ ਦੇ ਲੱਛਣ ਦਿਖਾਈ ਦੇਣ ‘ਤੇ ਉਹ ਡਾਕਟਰਾਂ ਨਾਲ ਸੰਪਰਕ ਜ਼ਰੂਰ ਕਰਨ।