ਓਸਲਰ ਦੇ ਹਸਪਤਾਲਾਂ ਨੂੰ ਦਾਨ ਵਿਚ ਇਕ ਮਿਲੀਅਨ ਡਾਲਰ ਦੀ ਵੱਡੀ ਰਕਮ ਦੇਵੇਗਾ ਭਾਰਤੀ ਸਮੂਹ

55
ਬਰੈਂਪਟਨ—ਇੰਡੋ-ਕੈਨੇਡੀਅਨ ਫਰੈਂਡਜ਼ ਆਫ ਓਸਲਰ ਸਮੂਹ ਨੇ ਬਰੈਂਪਟਨ ਸਿਵਕ ਹਸਤਪਾਲ, ਪੀਲ ਮੈਮੋਰੀਅਲ ਅਤੇ ਈਟੋਬੀਕੋ ਹਸਪਤਾਲ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਓਸਲਰ ਹੈਲਥ ਸਿਸਟਮ ਨੂੰ ਇਕ ਮਿਲੀਅਨ ਡਾਲਰ ਦਾਨ ਦੇਣ ਦਾ ਪ੍ਰਣ ਕੀਤਾ ਹੈ। ਪੀਅਰਸਨ ਕਨਵੈਨਸ਼ਨ ਸੈਂਟਰ ਬਰੈਂਪਟਨ ਵਿਖੇ ਬੀਤੇ ਹਫਤੇ ਇਸ ਸੰਬੰਧੀ ਇਕ ਫੰਡ ਰੇਜ਼ਿੰਗ ਡਿਨਰ (ਫੰਡ ਇਕੱਠਾ ਕਰਨ ਲਈ ਡਿਨਰ) ਦਾ ਆਯੋਜਨ ਕੀਤਾ ਗਿਆ ਤਾਂ ਜੋ ਕਮਿਊਨਿਟੀ ਮੈਂਬਰਾਂ ਨੂੰ ਦਾਨ ਦੇਣ ਲਈ ਪ੍ਰੇਰਿਤ ਕੀਤਾ ਜਾ ਸਕੇ।
ਹਸਪਤਾਲ ਨੂੰ ਦਾਨ ਦੇਣ ਦੇ ਉੱਦਮ ਲਈ ਬਰਪੈਂਟਨ ਆਧਾਰਤ ਉੱਘੇ ਕਾਰੋਬਾਰੀ ਸਤੀਸ਼ ਠੱਕਰ, ਹਰਕੰਵਲ ਸਿੰਘ ਥਿੰਦ, ਅਮਨਿੰਦਰ ਸਿੰਘ ਪੂਰੀ ਤਰ੍ਹਾਂ ਸਰਗਰਮ ਹਨ। ਏਸ਼ੀਅਨ ਫੂਡ ਸੈਂਟਰ ਦੇ ਮਾਲਕ ਮੇਜਰ ਨੱਤ ਨੇ ਇਸ ਫੰਡ ਵਿਚ 25 ਹਜ਼ਾਰ ਡਾਲਰ ਦਾ ਯੋਗਦਾਨ ਦੇਣ ਦਾ ਵਾਅਦਾ ਕੀਤਾ ਹੈ। ਐਤਵਾਰ ਨੂੰ ਹੋਏ ਡਿਨਰ ਤੋਂ ਬਾਅਦ ਕਈ ਲੋਕ ਦਾਨ ਦੇਣ ਲਈ ਅੱਗੇ ਆ ਰਹੇ ਹਨ। ਹੁਣ ਤੱਕ ਇਸ ਮੁਹਿੰਮ ਅਧੀਨ 5,00,000 ਡਾਲਰ ਇਕੱਠੇ ਕੀਤੇ ਜਾ ਚੁੱਕੇ ਹਨ। ਤਿੰਨ ਸਾਲਾਂ ਤੱਕ ਇਸ ਰਕਮ ਦੇ ਇਕ ਮਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਲਗਭਗ 600 ਲੋਕਾਂ ਨੇ ਇਸ ਆਯੋਜਨ ਵਿਚ ਹਿੱਸਾ ਲਿਆ। ਇਸ ਦੌਰਾਨ ਕਈ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕੀਤਾ। ਬਾਲੀਵੁੱਡ ਸੰਗੀਤ ਤੋਂ ਇਲਾਵਾ, ਬੈਲੇ ਅਤੇ ਭਾਰਤ ਦਾ ਰਵਾਇਤੀ ਡਾਂਸ ਵੀ ਵੇਖਣ ਨੂੰ ਮਿਲਿਆ। ਇਸ ਮੌਕੇ ‘ਤੇ ਕੈਨੇਡਾ ਦੇ ਕਈ ਐਮ. ਪੀਜ਼., ਕੌਂਸਲਰਾਂ ਅਤੇ ਭਾਰਤੀ ਮੂਲ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਇਸ ਮੁਹਿੰਮ ਤਹਿਤ ਇਕੱਠੇ ਹੋਏ ਫੰਡਾਂ ਦਾ ਦਸ ਫੀਸਦੀ ਹਿੱਸਾ ਉਸ ਅੱਠ ਮੈਂਬਰੀ ਟੀਮ ਦੀ ਮਦਦ ਲਈ ਖਰਚ ਕੀਤਾ ਜਾਵੇਗਾ, ਜਿਹੜੀ ਓਸਲਰ ਤੋਂ ਪੰਜਾਬ ਜਾਵੇਗੀ। ਉੱਥੇ ਇਹ ਟੀਮ ਤਿੰਨ ਸਥਾਨਕ ਹਸਪਤਾਲਾਂ- ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਅਪੋਲੋ ਹਸਪਤਾਲ ਨਾਲ ਮਿਲ ਕੇ ਕੰਮ ਕਰੇਗੀ।