ਗਾਲ੍ਹਾਂ ਕੱਢਣ ਤੇ ਲੜਕੀ ਨੇ ਦੁਖੀ ਹੋ ਕੇ ਜਾਨ ਦਿੱਤੀ

ਜਲੰਧਰ – ਥਾਣਾ ਮਕਸੂਦਾਂ ਅਧੀਨ ਪੈਂਦੇ ਜਲਾ ਸਿੰਘ ਪਿੰਡ ਵਿਚ ਇਕ 22 ਸਾਲਾ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਕਾਰਨ ਲੜਕੀ ਨੂੰ ਗੁਆਂਢੀਆਂ ਵੱਲੋਂ ਗੰਦੀਆਂ ਗਾਲ੍ਹਾਂ ਕੱਢਣਾ ਹੈ। ਪੁਲਸ ਨੇ ਮ੍ਰਿਤਕ ਬਿੱਟੀ ਪੁੱਤਰੀ ਪ੍ਰੇਮ ਲਾਲ ਦੀ ਲਾਸ਼ ਦਾ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕਾ ਦੇ ਪਿਤਾ ਪ੍ਰੇਮ ਲਾਲ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਉਸਦਾ 1 ਪੁੱਤਰ ਤੇ 4 ਧੀਆਂ ਹਨ। 12 ਤਰੀਕ ਨੂੰ ਉਸਦੀ ਧੀ ਬਿੱਟੀ ਆਪਣੀਆਂ ਭੈਣਾਂ ਨਾਲ ਘਰ ਵਿਚ ਸੀ। ਗੁਆਂਢ ਵਿਚ ਰਹਿੰਦੀ ਮਨਜੀਤ ਕੌਰ ਪਤਨੀ ਕੁਲਵਿੰਦਰ ਸਿੰਘ, ਸੁਰਿੰਦਰ ਕੌਰ ਪਤਨੀ ਮੋਹਨ ਲਾਲ, ਜਸਵਿੰਦਰ ਪੁੱਤਰ ਮੋਹਨ ਲਾਲ ਤੇ ਕੁਲਵਿੰਦਰ ਪੁੱਤਰ ਸੋਹਣ ਲਾਲ ਨੇ ਮਿਲ ਕੇ ਉਸਦੀ ਧੀ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਗੁਆਂਢੀਆਂ ਨੇ ਉਸਦੀ ਧੀ ‘ਤੇ ਝੂਠੇ ਗੰਭੀਰ ਦੋਸ਼ ਮੜ੍ਹੇ। ਇਸ ਤੋਂ ਬਾਅਦ ਉਸਦੀ ਧੀ ਬਿੱਟੀ ਕਮਰੇ ਵਿਚ ਰਜਾਈ ਲੈ ਕੇ ਸੌਂ ਗਈ। ਕਰੀਬ 4.30 ਵਜੇ ਉਸਦੀ ਦੂਜੀ ਧੀ ਮਮਤਾ ਨੇ ਬਾਰੀ ਕੋਲੋਂ ਦਰਵਾਜ਼ਾ ਬੰਦ ਹੋਣ ਕਾਰਨ ਆਵਾਜ਼ਾਂ ਮਾਰੀਆਂ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਬਾਰੀ ਰਾਹੀਂ ਵੇਖਿਆ ਤਾਂ ਬਿੱਟੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੀੜਤ ਪ੍ਰੇਮ ਕੁਮਾਰ ਮੁਤਾਬਿਕ ਉਸਦੀ ਧੀ ਨੇ ਗੁਆਂਢੀਆਂ ਤੋਂ ਦੁਖੀ ਹੋ ਕੇ ਜਾਨ ਦਿੱਤੀ ਹੈ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਫਰਾਰ ਹਨ।

LEAVE A REPLY