ਚੀਨ ‘ਚ ਬਰਡ ਫਲੂ ਦੇ 19 ਨਵੇਂ ਮਾਮਲੇ ਆਏ ਸਾਹਮਣੇ

ਬੀਜਿੰਗ— ਚੀਨ ਦੇ ਮੱਧ ਹੂਨਾਨ ਅਤੇ ਦੱਖਣੀ ਗੁਆਂਗਡੋਂਗ ਸੂਬੇ ‘ਚ ਏਵੀਅਨ ਐੱਚ.7 ਐੱਨ.9 ਬਰਡ ਫਲੂ ਦੇ 19 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੂਨਾਨ ਸੂਬੇ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਮੁਤਾਬਕ ਪਿਛਲੇ 16 ਦਿਨਾਂ ‘ਚ ਅੱਠ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ ਤਿੰਨ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਹੂਨਾਨ ਸੂਬੇ ‘ਚ ਸੋਮਵਾਰ ਨੂੰ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਹੇਂਗਯਾਂਗ ਸ਼ਹਿਰ ਦੀ ਇੱਕ 36 ਸਾਲ ਔਰਤ ਨਾਜ਼ੁਕ ਹਾਲਤ ‘ਚ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ ਬੀਮਾਰ ਪੈਣ ਤੋਂ ਪਹਿਲਾਂ ਔਰਤ ਪੋਲਟਰੀ ਫਾਰਮ ‘ਚ ਕੰਮ ਕਰਦੀ ਸੀ। ਉੱਥੇ ਹੀ ਐੱਚ.7 ਐੱਨ.9 ਦੇ ਹੋਰ ਮਾਮਲੇ ਗੁਆਂਗਡੋਂਗ ਸੂਬੇ ‘ਚ ਸਾਹਮਣੇ ਆਏ ਹਨ, ਜਿੱਥੇ ਦੋ ਲੋਕਾਂ ਦੀ ਮੌਤ ਹੋ ਗਈ ਹੈ। ਐੱਚ.7 ਐੱਨ.9 ਕਾਰਨ ਮਨੁੱਖੀਂ ਇਨਫੈਕਸ਼ਨ ਦੀ ਪਹਿਲੀ ਖ਼ਬਰ ਸਾਲ 2013 ਦੇ ਮਾਰਚ ਮਹੀਨੇ ‘ਚ ਆਈ ਸੀ। ਇਹ ਫਲੂ ਵਧੇਰੇ ਕਰਕੇ ਸਰਦੀਆਂ ਜਾਂ ਬਸੰਤ ਦੇ ਮੌਮਸ ‘ਚ ਫੈਲਦਾ ਹੈ।

LEAVE A REPLY