ਚੰਡੀਗੜ੍ਹ ਹਵਾਈ ਅੱਡੇ ਤੋਂ ਪਲੇਨ ‘ਹਾਈਜੈੱਕ’

152
ਚੰਡੀਗੜ੍ਹ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਚੰਡੀਗੜ੍ਹ ਹਵਾਈ ਅੱਡੇ ਤੋਂ ਨਿਕਲਣ ਦੇ ਕੁਝ ਹੀ ਸਮੇਂ ਬਾਅਦ ਪਲੇਨ ਹਾਈਜੈੱਕ ਦੀ ਕਾਲ ਨੇ ਹੜਕੰਪ ਮਚਾ ਦਿੱਤਾ। ਚੰਡੀਗੜ੍ਹ ਆਪ੍ਰੇਸ਼ਨ ਸੈੱਲ, ਕਿਊ. ਆਰ. ਟੀ., ਥਾਣਾ ਤੇ ਪੀ. ਸੀ. ਆਰ. ਮੋਹਾਲੀ ਪੁਲਸ ਦੇ ਆਲਾ ਅਧਿਕਾਰੀ, ਸੀ. ਆਈ. ਐੱਸ. ਐੱਫ. ਟੀਮ, ਬੰਬ ਸਕੁਐਡ ਸਮੇਤ ਹਵਾਈ ਅੱਡਾ ਅਧਿਕਾਰੀ ਮੌਕੇ ‘ਤੇ ਪਹੁੰਚੇ। ਅਚਾਨਕ ਪੁਲਸ ਫੋਰਸ ਦੇ ਹਵਾਈ ਅੱਡੇ ਨੂੰ ਘੇਰਣ ਨਾਲ ਯਾਤਰੀਆਂ ‘ਚ ਭਾਜੜ ਮਚ ਗਈ। ਹਾਲਾਂਕਿ ਫੋਰਸ ਦੀ ਐਕਟੀਵਿਟੀ ਤੋਂ ਬਾਅਦ ਏਅਰਫੋਰਸ ਵਲੋਂ ਪਲੇਨ ਹਾਈਜੈੱਕ ਦੀ ਮਾਕ ਡਰਿੱਲ ਕਰਨ ਦੀ ਸੂਚਨਾ ਮਿਲ ਗਈ। ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ 3 ਘੰਟੇ ‘ਚ ਹਵਾਈ ਅੱਡੇ ‘ਤੇ ਸ਼ੱਕੀ ਚੀਜ਼ਾਂ, ਯਾਤਰੀਆਂ ਦੇ ਬੈਗ, ਡਸਟਬਿਨ ਸਮੇਤ ਚੱਪੇ-ਚੱਪੇ ਦੀ ਤਲਾਸ਼ੀ ਲਈ। ਸੁਰੱਖਿਆ ਦੇ ਮੱਦੇਨਜ਼ਰ 4 ਵਜੇ ਤਕ ਤਲਾਸ਼ੀ ਮੁਹਿੰਮ ਚੱਲਦੀ ਰਹੀ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਸਵੇਰੇ 10.30 ਵਜੇ ਚੰਡੀਗੜ੍ਹ ਹਵਾਈ ਅੱਡੇ ‘ਤੇ ਏਅਰ ਇੰਡੀਆ ਦੀ ਫਲਾਈਟ ਤੋਂ ਪਹੁੰਚੇ। ਉਨ੍ਹਾਂ ਦੇ ਕਾਫੀ ਸਮਰਥਕ ਹਵਾਈ ਅੱਡੇ ‘ਤੇ ਮੌਜੂਦ ਸਨ। ਪ੍ਰਧਾਨ ਮੰਤਰੀ 10.34 ਵਜੇ ਚੰਡੀਗੜ੍ਹ ਹਵਾਈ ਅੱਡੇ ਤੋਂ ਲੁਧਿਆਣਾ ਲਈ ਰਵਾਨਾ ਹੋ ਗਏ। ਉਥੇ ਹੀ ਚੰਡੀਗੜ੍ਹ ਹਵਾਈ ਅੱਡਾ ਪ੍ਰਸ਼ਾਸਨ ਨੂੰ ਦੁਪਹਿਰ 1.10 ਵਜੇ ਪਲੇਨ ਹਾਈਜੈੱਕ ਹੋਣ ਦੀ ਸੂਚਨਾ ਮਿਲੀ। ਏਅਰਫੋਰਸ ਵਲੋਂ ਆਈ ਕਾਲ-ਹਵਾਈ ਅੱਡਾ ਥਾਣਾ ਮੁਖੀ ਹਰਸਿਮਰਨ ਬੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਦੁਪਹਿਰ ਸਮੇਂ ਏਅਰਫੋਰਸ ਤੋਂ ਮਿਲੀ ਕਿ ਪਲੇਨ ਹਾਈਜੈੱਕ ਹੋ ਗਿਆ ਹੈ, ਜਿਸ ਤੋਂ ਬਾਅਦ ਪੁਲਸ ਫੋਰਸ ਹਵਾਈ ਅੱਡੇ ‘ਤੇ ਪਹੁੰਚੀ। ਮਾਕ ਡਰਿੱਲ ਦੀ ਸੂਚਨਾ ਮਿਲਣ ‘ਤੇ 3 ਘੰਟੇ ਸਰਚ ਆਪ੍ਰੇਸ਼ਨ ਚਲਾਇਆ ਗਿਆ।
ਯਾਤਰੀ ਦਹਿਸ਼ਤ ‘ਚ ਰਹੇ-ਅਚਾਨਕ ਪੁਲਸ ਦੀ ਐਕਟੀਵਿਟੀ ਤੋਂ ਯਾਤਰੀ ਦਹਿਸ਼ਤ ‘ਚ ਆ ਗਏ। ਸਾਰਿਆਂ ਦੇ ਮਨ ‘ਚ ਅਚਾਨਕ ਕਿਸੇ ਅਨਹੋਣੀ ਦੇ ਹੋਣ ਦਾ ਡਰ ਸਤਾਉਣ ਲੱਗਾ। ਸੁਰੱਖਿਆ ਕਰਮਚਾਰੀਆਂ ਨੇ ਸਰਚ ਦੌਰਾਨ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਇਆ। 2 ਫਲਾਈਟਾਂ ਹੋਈਆਂ ਪ੍ਰਭਾਵਿਤ-ਇਸ ਦੌਰਾਨ ਚੰਡੀਗੜ੍ਹ ਟੂ ਸ਼੍ਰੀਨਗਰ ਤੇ ਚੰਡੀਗੜ੍ਹ ਟੂ ਮੁੰਬਈ ਜਾਣ ਵਾਲੀਆਂ 2 ਫਲਾਈਟਾਂ 20-20 ਮਿੰਟ ਲੇਟ ਰਹੀਆਂ।