ਜਲਿਆਂਵਾਲਾ ਬਾਗ ‘ਚ ਸ਼ਹੀਦੀ ਖੂਹ ਦੇ ਚੜ੍ਹਾਵੇ ਦਾ ਹੈਰਾਨ ਕਰਦਾ ਖੁਲਾਸਾ, ਗੜਬੜੀ ਦੀ ਸੰਭਾਵਨਾ

68
ਅੰਮ੍ਰਿਤਸਰ : ਭਾਰਤ ਵਾਸੀ 13 ਅਪ੍ਰੈਲ, 1919 ਨੂੰ ਜਲਿਆਂਵਾਲਾ ਬਾਗ ‘ਚ ਹੋਏ ਕਾਂਡ ਦੀ 98ਵੀਂ ਵਰ੍ਹੇਗੰਢ ਮਨਾਉਣ ਜਾ ਰਹੇ ਹਨ ਪਰ ਬਾਗ ‘ਚ ਸ਼ਹੀਦ ਹੋਏ ਲੋਕਾਂ ਪ੍ਰਤੀ ਸਾਡੀ ਕਿੰਨੀ ਕੁ ਸ਼ਰਧਾ ਹੈ, ਇਹ ਸ਼ਹੀਦੀ ਖੂਹ ‘ਚ ਰੋਜ਼ਾਨਾ ਦੇ ਚੜ੍ਹਾਏ ਜਾਣ ਵਾਲੇ ਔਸਤਨ 3.49 ਰੁਪਿਆਂ ਤੋਂ ਸਪੱਸ਼ਟ ਹੋ ਜਾਂਦਾ ਹੈ। ਪੂਰੇ ਇਕ ਦਹਾਕੇ ‘ਚ ਇਸ ਖੂਹ ‘ਚੋਂ ਸਿਰਫ 12,571 ਰੁਪਏ ਹੀ ਨਿਕਲੇ ਹਨ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਾਰੀ ਰਕਮ 1, 2 ਅਤੇ 5 ਰੁਪਏ ਦੇ ਸਿੱਕਿਆਂ ਦੇ ਰੂਪ ‘ਚ ਹੈ। ਜਲਿਆਂਵਾਲਾ ਬਾਗ ਦੇ ਵਿਕਾਸ ਦੇ ਲਈ ਕੇਂਦਰ ਸਰਕਾਰ ਵਲੋਂ ਜਾਰੀ ਫੰਡਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਵਿਵਾਦ ਰਿਹਾ ਹੈ ਅਤੇ ਹੁਣ ਖੂਹ ਚੜ੍ਹਾਵੇ ਨੂੰ ਲੈ ਕੇ ਸੁਰਖੀਆਂ ‘ਚ ਹੈ। ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਤੋਂ ਮੰਗੀ ਗਈ ਜਾਣਕਾਰੀ ‘ਚ ਕੇਂਦਰੀ ਸੱਭਿਆਚਾਰਕ ਮੰਤਰਾਲੇ ਨੇ ਦੱਸਿਆ ਹੈ ਕਿ ਇਸ ਖੂਹ ‘ਚ ਅੱਜ ਤੱਕ 10 ਰੁਪਏ ਤੋਂ ਵੱਡੇ ਨੋਟ ਦੀ ਕਰੰਸੀ ਚੜ੍ਹੀ ਹੀ ਨਹੀਂ। ਸਾਲ 2007 ਤੋਂ ਲੈ ਕੇ 2016 ਤੱਕ ਦੇ ਚੜ੍ਹਾਵੇ ਦੀ ਜਾਣਕਾਰੀ ਮੰਗੀ ਗਈ ਸੀ, ਜਿਸ ‘ਚ ਵੱਡੀ ਕਰੰਸੀ ‘ਚ 10 ਦੇ 5 ਨੋਟ ਅਤੇ 8 ਸਿੱਕੇ (ਕੁੱਲ 130) ਦੱਸੇ ਗਏ ਹਨ।
ਗੜਬੜੀ ਦੀ ਸੰਭਾਵਨਾ
ਅੰਮ੍ਰਿਤਸਰ ‘ਚ ਰੋਜ਼ਾਨਾ ਔਸਤਨ 70 ਤੋਂ 80 ਹਜ਼ਾਰ ਲੋਕ ਪੁੱਜਦੇ ਹਨ ਅਤੇ ਇਨ੍ਹਾਂ ‘ਚੋ ਘੱਟੋ-ਘੱਟ 20 ਹਜ਼ਾਰ ਤਾਂ ਬਾਗ ‘ਚ ਮੱਥਾ ਟੇਕਣ ਆਉਂਦੇ ਹੀ ਹਨ। ਅੰਦਾਜ਼ੇ ਮੁਤਾਬਕ ਹਰ 10 ‘ਚੋਂ 2 ਲੋਕ ਖੂਹ ‘ਚ ਪੈਸਾ ਪਾ ਦਿੰਦੇ ਹਨ। ਕਈ ਵਾਰ ਇਹ ਅੰਕੜਾ ਵਧ ਵੀ ਜਾਂਦਾ ਹੈ। ਰੋਜ਼ ਬਾਗ ‘ਚ ਆਉਣ ਵਾਲਿਆਂ ਦੀ ਮੰਨੀਏ ਤਾਂ ਮਹੀਨੇ ਦੌਰਾਨ ਖੂਹ ‘ਚ ਲੋਕਾਂ ਵਲੋਂ ਪਾਈ ਗਈ ਰਕਮ 70 ਤੋਂ 80 ਹਜ਼ਾਰ ਤੱਕ ਪਹੁੰਚ ਜਾਂਦੀ ਹੈ, ਜਦੋਂ ਕਿ ਆਰ. ਟੀ. ਆਈ. ‘ਚ ਕੁਝ ਹੋਰ ਹੀ ਦੱਸਿਆ ਜਾ ਰਿਹਾ ਹੈ। ਇਹ ਮਾਮਲਾ ਗੰਭੀਰ ਹੈ। ਇਸ ਲਈ ਆਰ. ਟੀ. ਆਈ. ਐਕਟੀਵਿਸਟ ਐਡਵੋਕੇਟ ਪੀ. ਸੀ. ਸ਼ਰਮਾ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਜਾਂਚ ਲਈ ਅਦਾਲਤ ‘ਚ ਲੈ ਕੇ ਜਾਣਗੇ।