ਜਿਸ ਹਸਪਤਾਲ ‘ਚ ਹੋਈ ਸੀ ਨਿਮਰਤ ਗਿੱਲ ਦੀ ਮੌਤ, ਉਥੋਂ ਦੇ ਹਾਲਾਤ ਦੇਖ ਹੱਕੀ-ਬੱਕੀ ਰਹਿ ਗਈ ਨਰਸ ਯੂਨੀਅਨ ਦੀ ਪ੍ਰੈਜ਼ੀਡੈਂਟ

54
ਐਬਟਸਫੋਰਡ— 3 ਸਾਲਾ ਬੱਚੀ ਨਿਮਰਤ ਗਿੱਲ ਦੀ ਮੌਤ ਨੂੰ ਅਜੇ ਇਕ ਮਹੀਨਾ ਵੀ ਨਹੀਂ ਹੋਇਆ ਕਿ ਉਸ ਹਸਪਤਾਲ ਦਾ ਇਕ ਹੋਰ ਚਿਹਰਾ ਲੋਕਾਂ ਦੇ ਸਾਹਮਣੇ ਆਇਆ ਹੈ, ਜਿਸ ਵਿਚ ਇਹ ਮਾਸੂਮ ਬੱਚੀ ਮੌਤ ਦੇ ਮੂੰਹ ਵਿਚ ਗਈ ਸੀ। ਜ਼ਿਕਰਯੋਗ ਹੈ ਕਿ ਨਿਮਰਤ ਦੀ ਮੌਤ ਐਬਟਸਫੋਰਡ ਦੇ ਰੀਜਨਲ ਹਸਪਤਾਲ ਵਿਚ ਹੋਈ ਸੀ। ਦੋਸ਼ ਹੈ ਕਿ ਹਸਪਤਾਲ ਦੇ ਸਟਾਫ ਨੇ ਬੱਚੀ ਦੇ ਇਲਾਜ ਵਿਚ ਇੰਨੀਂ ਦੇਰੀ ਕਰ ਦਿੱਤੀ ਸੀ ਕਿ ਉਸ ਦਾ ਇਲਾਜ ਹੋਣ ਤੋਂ ਪਹਿਲਾਂ ਹੀ ਉਸ ਦੇ ਸਾਹ ਰੁਕ ਗਏ ਸਨ।
ਹਾਲ ਹੀ ਵਿਚ ਬ੍ਰਿਟਿਸ਼ ਕੋਲੰਬੀਆ ਦੀ ਨਰਸ ਯੂਨੀਅਨ ਦੀ ਪ੍ਰੈਜ਼ੀਡੈਂਟ ਗੇਯਲ ਡੁਟੇਲ ਨੇ ਹਸਪਤਾਲ ਦਾ ਦੌਰਾ ਕੀਤਾ ਤਾਂ ਉਹ ਹੱਕੀ ਬੱਕੀ ਰਹਿ ਗਈ। ਗੇਯਲ ਨੇ ਕਿਹਾ ਕਿ ਹਸਪਤਾਲ ਵਿਚ ਨਰਸਿੰਗ ਸਟਾਫ ‘ਤੇ ਕਾਫੀ ਬੋਝ ਹੈ। ਇੱਥੇ ਐਮਰਜੈਂਸੀ ਰੂਮਜ਼ ਵਿਚ 88 ਨਰਸਾਂ ਦੀ ਲੋੜ ਹੈ ਜਦੋਂ ਕਿ ਇੱਥੇ ਸਿਰਫ 56 ਨਰਸਾਂ ਹੀ ਮੌਜੂਦ ਹਨ। ਇੱਥੋਂ ਤੱਕ ਕਿ ਇਨ੍ਹਾਂ ਐਮਰਜੈਂਸੀ ਰੂਮਜ਼ ਵਿਚ ਗਿਣਤੀ ਸਮਰੱਥਾ ਨਾਲੋਂ ਵਧੇਰੇ ਹੈ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਿਚ ਨਰਸਾਂ ਦੀ ਕਮੀ ਅਤੇ ਬੇਨਿਯਮੀਆਂ ਲਈ ਫਰੇਜ਼ਰ ਸਿਹਤ ਵਿਭਾਗ ਜ਼ਿੰਮੇਵਾਰ ਹੈ। ਨਰਸਾਂ ਲਈ ਇੰਨੀਂ ਵੱਡੀ ਗਿਣਤੀ ਵਿਚ ਮਰੀਜ਼ਾਂ ਨੂੰ ਸਾਂਭਣਾ ਬੇਹੱਦ ਮੁਸ਼ਕਿਲ ਹੈ। ਮਾਨਸਿਕ ਰੋਗੀਆਂ ਨੂੰ ਬਜ਼ੁਰਗ ਮਰੀਜ਼ਾਂ ਲਈ ਤਿਆਰ ਕੀਤੀਆਂ ਕੁਰਸੀਆਂ ‘ਤੇ ਬਿਠਾ ਕੇ ਲਿਆਇਆ ਜਾ ਰਿਹਾ ਹੈ। ਗੇਯਲ ਨੇ ਕਿਹਾ ਕਿ ਐਬਟਸਫੋਰਡ ਦੇ ਰੀਜਨਲ ਹਸਪਤਾਲ ਦੀ ਹਾਲਤ ਬੇਹੱਦ ਖਰਾਬ ਹੈ। ਇਸ ਮੁੱਦੇ ਨੂੰ ਖੇਤਰੀ ਵਿਧਾਨ ਸਭਾ ਵਿਚ ਵੀ ਚੁੱਕਿਆ ਗਿਆ। ਦੂਜੇ ਪਾਸੇ ਸਿਹਤ ਮੰਤਰੀ ਟੈਰੀ ਲੇਕ ਦਾ ਕਹਿਣਾ ਹੈ ਕਿ ਹਸਪਤਾਲਾਂ ਵਿਚ ਮਰੀਜ਼ਾਂ ਦਾ ਇੰਤਜ਼ਾਰ ਕਰਨ ਦਾ ਸਮਾਂ ਬੇਹੱਦ ਘੱਟ ਹੈ।