ਜੇਕਰ ਤੁਹਾਡੇ ਕੋਲ ਹੈ ਕੈਨੇਡਾ ਦਾ ਪਾਸਪੋਰਟ, ਤਾਂ ਹੋ ਜਾਓ ਖੁਸ਼

ਜੇਕਰ ਤੁਹਾਡੇ ਕੋਲ ਕੈਨੇਡਾ ਦਾ ਪਾਸਪੋਰਟ ਹੈ ਤਾਂ ਮਾਮਲਾ ਖੁਸ਼ੀ ਦਾ ਅਤੇ ਮਾਣ ਕਰਨ ਵਾਲਾ ਹੈ ਕਿਉਂਕਿ ਕੈਨੇਡਾ ਦਾ ਪਾਸਪੋਰਟ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ‘ਚੋਂ ਇਕ ਹੈ। ਕੈਨੇਡੀਅਨ ਲੋਕਾਂ ਨੂੰ ਦੁਨੀਆ ਦੇ ਬਾਕੀ ਦੇਸ਼ਾਂ ਵਿਚ ਖੂਬ ਪਿਆਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦਾ ਹੱਸ ਕੇ ਸੁਆਗਤ ਕੀਤਾ ਜਾਂਦਾ ਹੈ। ਜੇਕਰ ਤੁਹਾਡੇ ਬੈਗ ‘ਤੇ ਕੈਨੇਡਾ ਦੇ ਝੰਡੇ ਦਾ ਨਿਸ਼ਾਨ ਹੋਵੇ ਤਾਂ ਲੋਕ ਤੁਹਾਨੂੰ ਬਿਨਾਂ ਡਰੇ ਹੱਸ ਕੇ ਬੁਲਾਉਣਗੇ।
ਫਿਲਹਾਲ ਤੁਹਾਨੂੰ ਦੱਸ ਦੇਈਏ ਕਿਸੇ ਵੀ ਦਸਤਾਵੇਜ਼ ਜਾਂ ਪਾਸਪੋਰਟ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾਂਦਾ ਹੈ ਕਿ ਉਸ ਨੂੰ ਕਿੰਨੇਂ ਦੇਸ਼ਾਂ ਵਿਚ ਬਿਨਾਂ ਕਿਸੇ ਰੋਕ-ਟੋਕ ਤੋਂ ਸਵੀਕਾਰ ਕੀਤਾ ਜਾਂਦਾ ਹੈ। ਵੀਜ਼ਾ ਮੁਕਤ ਪ੍ਰਵੇਸ਼, ਅਪਲਾਈ ਕਰਨ ਦਾ ਖਰਚ ਅਤੇ ਪਾਸਪੋਰਟ ਹਾਸਲ ਕਰਨ ਵਿਚ ਲੱਗਣ ਵਾਲੇ ਸਮੇਂ ਦੇ ਆਧਾਰ ‘ਤੇ ਇਹ ਰੈਂਕਿੰਗ ਤਿਆਰ ਕੀਤੀ ਜਾਂਦੀ ਹੈ। ਦੁਨੀਆ ਭਰ ਦੇ ਪਾਸਪੋਰਟਾਂ ਦੀ ਰੈਂਕਿੰਗ ਦੀ ਸੂਚੀ ਵਿਚ ਕੈਨੇਡਾ ਛੇਵੇਂ ਨੰਬਰ ‘ਤੇ ਆਉਂਦਾ ਹੈ। ਕੈਨੇਡਾ ਦੇ ਪਾਸਪੋਰਟ ਨਾਲ ਤੁਸੀਂ 172 ਦੇਸ਼ਾਂ ਵਿਚ ਬਿਨਾਂ ਰੋਕ-ਟੋਕ ਦੇ ਘੁੰਮ ਸਕਦੇ ਹੋ। ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਜਰਮਨੀ ਦਾ ਹੈ, ਜਿਸ ਨਾਲ ਤੁਸੀਂ 177 ਦੇਸ਼ਾਂ ਵਿਚ ਬਿਨਾਂ ਰੋਕ-ਟੋਕ ਦੇ ਘੁੰਮ ਸਕਦੇ ਹੋ ਅਤੇ ਗੱਲ ਜਦੋਂ ਕੈਨੇਡਾ ਆ ਕੇ ਵਸਣ ਦੀ ਹੁੰਦੀ ਹੈ ਤਾਂ ਦੁਨੀਆ ਭਰ ਦੇ ਲੋਕ ਕੈਨੇਡਾ ਵਿਚ ਆਉਣਾ ਚਾਹੁੰਦੇ ਹਨ। ਹੁਣ ਇਸ ਸੂਚੀ ਵਿਚ ਅਮਰੀਕੀਆਂ ਦਾ ਨੰਬਰ ਸਭ ਤੋਂ ਉੱਪਰ ਹੈ। ਅਮਰੀਕਾ ਵਿਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਦੌਰਾਨ ਕੈਨੇਡਾ ਦੀ ਇਮੀਗ੍ਰੇਸ਼ਨ ਵੈੱਬਸਾਈਟ ਤੱਕ ਕਰੈਸ਼ ਹੋ ਗਈ ਸੀ ਕਿਉਂਕਿ ਅਮਰੀਕਾ ਦੇ ਲੋਕ ਕੈਨੇਡਾ ਆ ਕੇ ਵਸਣ ਦੇ ਨਿਯਮਾਂ ਬਾਰੇ ਜਾਣਕਾਰੀ ਹਾਸਲ ਕਰ ਰਹੇ ਸਨ। ਅਮਰੀਕਾ ਦੇ ਕਈ ਸੈਲੀਬ੍ਰਿਟੀਜ਼ ਤੱਕ ਕਹਿ ਚੁੱਕੇ ਹਨ ਕਿ ਉਹ ਡੋਨਾਲਡ ਟਰੰਪ ਦੇ ਜਿੱਤਣ ਤੋਂ ਬਾਅਦ ਕੈਨੇਡਾ ਵਿਚ ਆ ਕੇ ਵੱਸ ਜਾਣਗੇ।

LEAVE A REPLY