ਫਲਾਈਟਾਂ ਰੱਦ ਹੋਣ ਕਾਰਨ ਏਅਰਪੋਰਟ ਮੈਨੇਜਮੈਂਟ ਨੂੰ ਹੋਇਆ ਲੱਖਾਂ ਦਾ ਨੁਕਸਾਨ

26
ਚੰਡੀਗੜ੍ਹ— ਇੰਟਰਨੈਸ਼ਨਲ ਏਅਰਪੋਰਟ ਤੋਂ ਲਗਾਤਾਰ 1-2 ਫਲਾਈਟਾਂ ਰੱਦ ਹੋਣ ਕਾਰਨ ਏਅਰਪੋਰਟ ਮੈਨੇਜਮੈਂਟ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਧੁੰਦ ਕਾਰਨ ਰੋਜ਼ਾਨਾ ਫਲਾਈਟਾਂ ਦਾ ਸ਼ਡਿਊਲ ਵਿਗੜ ਰਿਹਾ ਹੈ, ਜਿਸ ਕਾਰਨ ਯਾਤਰੀ ਜਹਾਜ਼ ਕੰਪਨੀਆਂ ਤੇ ਟਰੈਵਲ ਏਜੰਟਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰੇਸ਼ਾਨੀ ਦਾ ਆਲਮ ਇਹ ਹੈ ਕਿ ਇੰਡੀਗੋ ਨੇ ਆਪਣੀ ਸਵੇਰੇ 7:40 ਵਜੇ ਚੱਲਣ ਵਾਲੀ ਫਲਾਈਟ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਹੈ। ਧੁੰਦ ਕਾਰਨ ਬੰਦ ਹੋ ਰਹੀਆਂ ਫਲਾਈਟਾਂ ਦਾ ਨੁਕਸਾਨ ਕੰਪਨੀਆਂ ਨੂੰ ਹੀ ਨਹੀਂ ਸਗੋਂ ਏਅਰਪੋਰਟ ਮੈਨੇਜਮੈਂਟ ਨੂੰ ਵੀ ਹੋ ਰਿਹਾ ਹੈ। ਧਿਆਨਯੋਗ ਹੈ ਕਿ ਸ਼ਨੀਵਾਰ ਨੂੰ ਧੁੰਦ ਕਾਰਨ ਇਕ ਵੀ ਫਲਾਈਟ ਦਾ ਸੰਚਾਲਨ ਨਹੀਂ ਹੋਇਆ। ਏਅਰਪੋਰਟ ਤੋਂ ਅੰਦਾਜ਼ਨ 4500 ਦੇ ਕਰੀਬ ਯਾਤਰੀ ਸਫਰ ਕਰਦੇ ਹਨ, ਅਜਿਹੇ ‘ਚ 20 ਲੱਖ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਤਾਂ ਇਸੇ ਇਕ ਦਿਨ ‘ਚ ਹੋ ਗਿਆ ਹੈ।
ਧੁੰਦ ਕਾਰਨ ਚੰਡੀਗੜ੍ਹ ਏਅਰਪੋਰਟ ਤੋਂ ਫਲਾਈਟਾਂ ਦਾ ਸ਼ਡਿਊਲ ਵਿਗੜ ਰਿਹਾ ਹੈ। ਜਿਹੜੇ ਲੋਕ ਦਿੱਲੀ ਏਅਰਪੋਰਟ ਤੋਂ ਯੂਰਪ ਤੇ ਅਮਰੀਕਾ ਲਈ ਫਲਾਈਟ ਫੜਨਾ ਚਾਹੁੰਦੇ ਹਨ, ਉਹ ਚੰਡੀਗੜ੍ਹ ਏਅਰਪੋਰਟ ਨਾ ਆ ਕੇ ਸਿੱਧਾ ਟੈਕਸੀ ਰਾਹੀਂ ਦਿੱਲੀ ਏਅਰਪੋਰਟ ਪਹੁੰਚ ਰਹੇ ਹਨ। ਟਰੈਵਲ ਏਜੰਟਾਂ ਦਾ ਕਹਿਣਾ ਹੈ ਕਿ ਇਸ ਦਾ ਉਨ੍ਹਾਂ ‘ਤੇ 10 ਤੋਂ 20 ਫੀਸਦੀ ਅਸਰ ਪਿਆ ਹੈ। ਲਗਾਤਾਰ ਧੁੰਦ ਕਾਰਨ ਇੰਟਰਨੈਸ਼ਨਲ ਏਅਰਪੋਰਟ ਤੋਂ ਜਾਣ ਵਾਲੀ ਸਵੇਰੇ 7 :40 ਦੀ ਇੰਡੀਗੋ ਦੀ ਫਲਾਈਟ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਟ੍ਰੈਵਲ ਏਜੰਟ ਆਪਣੀ ਜੇਬ ਤੋਂ ਕਰ ਰਹੇ ਨੇ ਰਿਫੰਡ :
ਟ੍ਰੈਵਲ ਏਜੰਸੀ ਦੇ ਮਾਲਕ ਰੋਹਿਤ ਨੇ ਦੱਸਿਆ ਕਿ ਸ਼ਡਿਊਲ ਵਿਗੜਨ ਦੀ ਹਾਲਤ ਵਿਚ ਦਿੱਲੀ-ਮੁੰਬਈ ਏਅਰਪੋਰਟ ਤੋਂ ਅੰਤਰਰਾਸ਼ਟਰੀ ਫਲਾਈਟ ਫੜਨ ਲਈ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿਚ ਜਦੋਂ ਯਾਤਰੀ ਟਿਕਟ ਵਾਪਿਸ ਮੰਗਦੇ ਹਨ ਤਾਂ ਜਹਾਜ਼ ਕੰਪਨੀ ਵੱਲੋਂ ਟਿਕਟ ਰਿਫੰਡ ਕਰਨ ‘ਚ ਸਮਾਂ ਲੱਗ ਜਾਂਦਾ ਹੈ, ਜਿਸ ‘ਤੇ ਟਰੈਵਲ ਏਜੰਟਾਂ ਨੂੰ ਆਪਣੀ ਜੇਬ ‘ਚੋਂ ਟਿਕਟ ਰਿਫੰਡ ਕਰਨੀ ਪੈਂਦੀ ਹੈ। ਹਾਲਾਂਕਿ ਇਹ ਪੈਸੇ ਬਾਅਦ ‘ਚ ਉਨ੍ਹਾਂ ਦੇ ਬੈਂਕ ਖਾਤੇ ‘ਚ ਆ ਜਾਂਦੇ ਹਨ ਪਰ ਉਨ੍ਹਾਂ ਦਾ ਬਜਟ ਖਰਾਬ ਹੋ ਜਾਂਦਾ ਹੈ। ਇਸ ਪਰੇਸ਼ਾਨੀ ਕਾਰਨ ਚੰਡੀਗੜ੍ਹ ਏਅਰਪੋਰਟ ‘ਤੇ ਮੌਜੂਦਾ ਸਮੇਂ ‘ਚ ਕੈਟ 1 ਇੰਸਟਾਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਫਲਾਈਟਾਂ ਦੀ ਲੈਂਡਿੰਗ 1200 ਮੀਟਰ ਵਿਜ਼ੀਬਿਲਟੀ ਹੈ, ਅਜਿਹੇ ‘ਚ ਧੁੰਦ ਪੈਣ ਕਾਰਨ ਫਲਾਈਟਾਂ ਰੋਜ਼ਾਨਾ ਲੇਟ ਹੋ ਰਹੀਆਂ ਹਨ। ਇਹੋ ਕਾਰਨ ਹੈ ਕਿ ਏਅਰਪੋਰਟ ਮੈਨੇਜਮੈਂਟ ਨੂੰ ਆਪਣੇ ਵਿੰਟਰ ਸ਼ਡਿਊਲ ‘ਚ ਦੋ ਵਾਰ ਬਦਲਾਅ ਕਰਨਾ ਪਿਆ ਹੈ। ਜਹਾਜ਼ ਕੰਪਨੀਆਂ ਲਗਾਤਾਰ ਕੈਟ 1 ਨੂੰ ਅੱਪਗ੍ਰੇਡ ਕਰਕੇ ਕੈਟ 2 ਅਤੇ ਕੈਟ 3 ਦੀ ਮੰਗ ਕਰ ਰਹੀਆਂ ਹਨ ਪਰ ਇਹ ਮਾਮਲਾ ਅਜੇ ਏਅਰਪੋਰਟ ਤੇ ਏਅਰਫੋਰਸ ਮੈਨੇਜਮੈਂਟ ‘ਚ ਹੀ ਫਸਿਆ ਹੋਇਆ ਹੈ।