ਮੁਹਾਲੀ ‘ਚ ਪਤਨੀ ਵੱਲੋਂ ਪਤੀ ਦੀ ਗੋਲੀ ਮਾਰ ਕੇ ਹੱਤਿਆ-ਗਿ੍ਫ਼ਤਾਰ

66

ਲਾਸ਼ ਨੂੰ ਖੁਰਦ-ਬੁਰਦ ਕਰਨ ਲੱਗਿਆਂ ਘਟਨਾ ਹੋਈ ਜ਼ਾਹਿਰ
ਅੱਜ ਸਥਾਨਕ ਫੇਜ਼-3ਬੀ-1 ਵਿਖੇ ਇਕ ਕਿਰਾਏ ਦੇ ਮਕਾਨ ‘ਚ ਰਹਿ ਰਹੇ ਨੌਜਵਾਨ ਦੀ ਉਸ ਦੀ ਹੀ ਪਤਨੀ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ | ਪੁਲਿਸ ਨੇ ਉਕਤ ਔਰਤ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮਿ੍ਤਕ ਦੀ ਪਹਿਚਾਣ ਏਕਮ ਸਿੰਘ ਢਿੱਲੋਂ ਪੁੱਤਰ ਜਸਪਾਲ ਸਿੰਘ ਢਿੱਲੋਂ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਪਤਨੀ ਨੇ ਕਤਲ ਉਪਰੰਤ ਲਾਸ਼ ਨੰੂ ਟਿਕਾਣੇ ਲਗਾਉਣ ਦੇ ਮਕਸਦ ਨਾਲ ਉਸ ਨੂੰ ਇਕ ਸੂਟਕੇਸ ‘ਚ ਪਾ ਕੇ ਮਰਸਡੀਜ਼ ਕਾਰ ਵਿਚ ਰੱਖਣ ਦੀ ਕੋਸ਼ਿਸ਼ ਕੀਤੀ | ਪਰ ਭਾਰ ਜ਼ਿਆਦਾ ਹੋਣ ਕਾਰਨ ਉਹ ਰੱਖਣ ‘ਚ ਸਫਲ ਨਾ ਹੋ ਸਕੀ | ਇਸੇ ਦੌਰਾਨ ਉਸ ਨੇ ਇਕ ਆਟੋ ਚਾਲਕ ਤੋਂ ਸੂਟਕੇਸ ਕਾਰ ‘ਚ ਰਖਵਾਉਣ ਲਈ ਸਹਾਇਤਾ ਮੰਗੀ | ਪਰ ਸੂਟਕੇਸ ਰੱਖਣ ਸਮੇਂ ਆਟੋ ਚਾਲਕ ਦੇ ਹੱਥਾਂ ਨੰੂ ਖੂਨ ਲੱਗਣ ਕਾਰਨ ਉਸ ਨੰੂ ਸ਼ੱਕ ਹੋ ਗਿਆ ਅਤੇ ਆਟੋ ਚਾਲਕ ਨੇ ਤੁਰੰਤ ਇਸ ਦੀ ਜਾਣਕਾਰੀ ਪੀ. ਸੀ. ਆਰ. ਨੰੂ ਦਿੱਤੀ | ਇਸੇ ਦੌਰਾਨ ਮਿ੍ਤਕ ਦੀ ਪਤਨੀ ਨੰੂ ਵੀ ਆਟੋ ਚਾਲਕ ‘ਤੇ ਸ਼ੱਕ ਹੋ ਗਿਆ ਕਿ ਸ਼ਾਇਦ ਉਸ ਨੰੂ ਉਸ ਵੱਲੋਂ ਕੀਤੇ ਕਾਰੇ ਦਾ ਪਤਾ ਚੱਲ ਗਿਆ ਹੈ | ਲਿਹਾਜ਼ਾ ਲਾਸ਼ ਨੰੂ
ਨਾਲ ਲਿਜਾਣ ਦੀ ਬਜਾਏ ਉਹ ਖੁਦ ਹੀ ਮੌਕੇ ਤੋਂ ਫਰਾਰ ਹੋ ਗਈ | ਉੱਧਰ ਥਾਣਾ ਮਟੌਰ ਦੇ ਮੁਖੀ ਬਲਜਿੰਦਰ ਸਿੰਘ ਪੰਨੰੂ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ‘ਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੁਹਾਲੀ ਵਿਖੇ ਭੇਜ ਦਿੱਤਾ | ਜਦ ਕਿ ਡੀ. ਐੱਸ. ਪੀ. ਆਲਮ ਵਿਜੈ ਸਿੰਘ, ਐੱਸ. ਐੱਚ. ਓ. ਬਲਜਿੰਦਰ ਸਿੰਘ ਪੰਨੰੂ ਤੇ ਇੰਸਪੈਕਟਰ ਸੀ. ਆਈ. ਏ. ਅਤੁਲ ਸੋਨੀ ਤੇ ਫਿੰਗਰ ਪਿ੍ੰਟ ਮਾਹਿਰਾਂ ਦੀ ਟੀਮ ਵੱਲੋਂ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ | ਇਸ ਮੌਕੇ ਹਾਜ਼ਰ ਮਿ੍ਤਕ ਦੇ ਪਿਤਾ ਜਸਪਾਲ ਸਿੰਘ ਢਿੱਲੋਂ ਵੱਲੋਂ ਪੁਲਿਸ ਨੰੂ ਦਿੱਤੀ ਜਾਣਕਾਰੀ ਅਨੁਸਾਰ ਏਕਮ ਸਿੰਘ ਢਿੱਲੋਂ ਦਾ ਬੇਰਹਿਮੀ ਨਾਲ ਕਤਲ ਏਕਮ ਦੀ ਪਤਨੀ ਸੀਰਤ ਕੌਰ, ਜੋ ਕਿ ਇਕ ਸੀਨੀਅਰ ਕਾਂਗਰਸੀ ਆਗੂ ਦੀ ਭਾਣਜੀ ਦੱਸੀ ਜਾਂਦੀ ਹੈ, ਸੱਸ ਜਸਵਿੰਦਰ ਕੌਰ ਤੇ ਸਾਲੇ ਵਿਨੈਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ ਹੈ | ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਬੀਤੀ ਰਾਤ ਏਕਮ ਸਿੰਘ ਉਨ੍ਹਾਂ ਦੇ ਫੇਜ਼-6 ਵਿਚਲੇ ਘਰ ਆਇਆ ਸੀ, ਜੋ ਕਿ ਕਾਫੀ ਪ੍ਰੇਸ਼ਾਨ ਸੀ | ਪੁੱਛਣ ‘ਤੇ ਉਸ ਨੇ ਦੱਸਿਆ ਸੀ ਕਿ ਉਸ ਨੰੂ ਬਹੁਤ ਡਰ ਲੱਗ ਰਿਹਾ ਹੈ, ਪਰ ਉਹ ਸਮਝ ਨਾ ਸਕੇ | ਉਨ੍ਹਾਂ ਕਿਹਾ ਕਿ ਕੁਝ ਦੇਰ ਬਾਅਦ ਏਕਮ ਆਪਣੇ ਘਰ ਚਲਾ ਗਿਆ ਅਤੇ ਸਵੇਰੇ ਇਸ ਘਟਨਾ ਦੀ ਸੂਚਨਾ ਕਿਸੇ ਜਾਣਕਾਰ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ | ਥਾਣਾ ਮੁਖੀ ਬਲਜਿੰਦਰ ਸਿੰਘ ਪੰਨੰੂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਪੁਲਿਸ ਨੇ ਮਿ੍ਤਕ ਏਕਮ ਸਿੰਘ ਦੀ ਪਤਨੀ ਸੀਰਤ ਕੌਰ, ਸੱਸ ਜਸਵਿੰਦਰ ਕੌਰ ਤੇ ਸਾਲੇ ਵਿਨੈਪ੍ਰਤਾਪ ਸਿੰਘ ਦੇ ਖਿਲਾਫ਼ ਧਾਰਾ 302, 201 ਤੇ 34 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਪੁਲਿਸ ਨੇ ਮੌਕੇ ਤੋਂ ਘਟਨਾ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਰਿਵਾਲਵਰ ਤੇ ਚੱਲੀ ਗੋਲੀ ਦਾ ਖੋਲ ਵੀ ਬਰਾਮਦ ਕਰ ਲਿਆ ਹੈ | ਦੱਸਣਯੋਗ ਹੈ ਕਿ ਮਿ੍ਤਕ ਆਪਣੇ ਪਿੱਛੇ 11 ਸਾਲ ਦਾ ਪੁੱਤਰ ਤੇ ਕਰੀਬ 6 ਸਾਲ ਦੀ ਬੇਟੀ ਛੱਡ ਗਿਆ ਹੈ ਜੋ ਕਿ ਘਟਨਾ ਸਮੇਂ ਘਰ ‘ਚ ਹੀ ਸਨ | ਪਰ ਉਨ੍ਹਾਂ ਨੰੂ ਆਪਣੇ ਪਿਤਾ ਦੇ ਕਤਲ ਦੀ ਭਿਣਕ ਤੱਕ ਨਾ ਲੱਗੀ |
ਪਤਨੀ ਗਿ੍ਫ਼ਤਾਰ
ਪੁਲਿਸ ਨੇ ਮਿ੍ਤਕ ਦੀ ਪਤਨੀ ਸੀਰਤ ਕੌਰ ਨੂੰ ਗਿ੍ਫਤਾਰ ਕਰ ਲਿਆ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ. ਪੀ. ਸਿਟੀ-1 ਪਰਵਿੰਦਰ ਸਿੰਘ ਪੰਡਾਲ ਨੇ ਦੱਸਿਆ ਕਿ ਸੀ. ਆਈ. ਏ ਇੰਚਾਰਜ ਅਤੁੱਲ ਸੋਨੀ ਅਤੇ ਥਾਣਾ ਮੁਖੀ ਮਟੌਰ ਬਲਜਿੰਦਰ ਸਿੰਘ ਪੰਨੂੰ ਦੀ ਅਗਵਾਈ ਹੇਠ ਗਠਿਤ ਟੀਮ ਵੱਲੋਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਤੇ ਇਸ ਦੌਰਾਨ ਸੀਰਤ ਕੌਰ ਨੂੰ ਗਿ੍ਫਤਾਰ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਮੁੱਢਲੀ ਪੁਛਗਿਛ ਦੌਰਾਨ ਸੀਰਤ ਕੌਰ ਨੇ ਮੰਨਿਆ ਹੈ ਕਿ ਦੇਰ ਰਾਤ ਉਸਦੀ ਆਪਣੇ ਪਤੀ ਏਕਮ ਸਿੰਘ ਢਿੱਲੋਂ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ ਤੇ ਇਸ ਦੌਰਾਨ ਗੁੱਸੇ ‘ਚ ਆ ਕੇ ਉਸਨੇ ਰਿਵਾਲਵਰ ਨਾਲ ਉਸਦੇ ਗੋਲੀ ਮਾਰ ਦਿੱਤੀ, ਜਿਸਦੇ ਚਲਦਿਆਂ ਏਕਮ ਦੀ ਮੌਤ ਹੋ ਗਈ | ਪੁਲਿਸ ਅਨੁਸਾਰ ਸੀਰਤ ਕੌਰ ਨੇ ਦੱਸਿਆ ਕਿ ਏਕਮ ਨਸ਼ੇ ਦੀ ਹਾਲਤ ‘ਚ ਸੀ ਤੇ ਉਹ ਉਸ ਨਾਲ ਲੜਾਈ-ਝਗੜਾ ਕਰ ਰਿਹਾ ਸੀ, ਜਿਸ ਕਾਰਨ ਉਸਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ | ਇਸ ਮੌਕੇ ਐਸ. ਪੀ. ਸਿਟੀ-1 ਪਰਵਿੰਦਰ ਸਿੰਘ ਪੰਡਾਲ ਨੇ ਦੱਸਿਆ ਕਿ ਇਸ ਹੱਤਿਆ ਨੂੰ ਅੰਜਾਮ ਦੇਣ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ‘ਚ ਕਈ ਹੋਰ ਵਿਅਕਤੀਆਂ ਦੇ ਸ਼ਾਮਿਲ ਹੋਣ ਦਾ ਸ਼ੱਕ ਹੈ ਕਿਉਂਕਿ ਇਕੱਲੀ ਔਰਤ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲਾਸ਼ ਨੂੰ ਟਿਕਾਣੇ ਲਾਉਣ ਬਾਰੇ ਸੋਚ ਨਹੀਂ ਸਕਦੀ | ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮਿ੍ਤਕ ਵਿਅਕਤੀ ਨੇ ਸ਼ਰਾਬ ਦਾ ਸੇਵਨ ਕੀਤਾ ਸੀ ਜਾਂ ਨਹੀਂ, ਇਸ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੋਵੇਗੀ ਤੇ ਉਸਦੇ ਆਧਾਰ ‘ਤੇ ਹੀ ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ |