ਯੂ.ਪੀ: ਪੈਸੇ ਨਾ ਮਿਲਣ ‘ਤੇ ਡਾਕਟਰ ਨੇ ਕੀਤਾ ਇਲਾਜ ਤੋਂ ਇਨਕਾਰ, ਗਰਭ ‘ਚ ਹੋਈ ਬੱਚੇ ਦੀ ਮੌਤ

32

ਬੁਲੰਦਸ਼ਹਿਰ— ਯੂ.ਪੀ. ਦੇ ਬੁਲੰਦਸ਼ਹਿਰ ਦੇ ਕਸਤੂਰਬਾ ਗਾਂਧੀ ਜ਼ਿਲੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਜਿਥੇ ਸਮੇਂ ‘ਤੇ ਇਲਾਜ ਨਾ ਮਿਲਣ ਕਾਰਨ ਇਕ ਬੱਚੇ ਨੇ ਗਰਭ ‘ਚ ਹੀ ਦਮ ਤੋੜ ਦਿੱਤਾ। ਮਹਿਲਾ ਹਸਪਤਾਲ ‘ਚ ਰਾਣੀ ਨਾਂ ਦੀ ਮਹਿਲਾ ਨੂੰ ਨਵੇਂ ਸਾਲ ਦੀ ਸ਼ਾਮ ਨੂੰ ਡਿਲੀਵਰੀ ਲਈ ਹਸਪਤਾਲ ਲਿਆਇਆ ਗਿਆ ਸੀ। ਲੇਬਰ ਪੇਨ ਵਧਣ ‘ਤੇ ਰਾਣੀ ਦੇ ਪਤੀ ਪ੍ਰਦੀਪ ਰਾਣਾ ਨੇ ਹਸਪਤਾਲ ‘ਚ ਮੌਜੂਦ ਡਾਕਟਰ ਸਾਯਰਾ ਬਾਨੋਂ ਨੂੰ ਆਪਰੇਸ਼ਨ ਕਰਨ ਨੂੰ ਕਿਹਾ। ਪ੍ਰਦੀਪ ਮੁਤਾਬਕ ਜਿਸ ਮਹਿਲਾ ਡਾਕਟਰ ਸਾਯਰਾ ਬਾਨੋ ਨੇ ਰਾਣੀ ਦਾ ਆਪਰੇਸ਼ਨ ਕਰਨਾ ਸੀ ਉਸ ਨੇ ਆਪਰੇਸ਼ਨ ਦੇ ਬਦਲੇ 10,000 ਰੁਪਏ ਅਤੇ 2 ਯੂਨਿਟ ਖੂਨ ਦੀ ਮੰਗ ਕੀਤੀ। ਪਰਿਵਾਰ ਨੇ ਖੂਨ ਦਾ ਇੰਤਜ਼ਾਮ ਤਾਂ ਕਰ ਦਿੱਤਾ ਪਰ ਪੈਸੇ ਨਹੀਂ ਦੇ ਸਕੇ। ਦੋਸ਼ ਹੈ ਕਿ ਸਾਯਰਾ ਬਾਨੋਂ ਨੇ ਪੈਸੇ ਨਾ ਮਿਲਣ ‘ਤੇ ਰਾਣੀ ਦਾ ਆਪਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਆਪਰੇਸ਼ਨ ‘ਚ ਦੇਰੀ ਕਾਰਨ ਬੱਚੇ ਨੇ ਰਾਣੀ ਦੇ ਗਰਭ ‘ਚ ਹੀ ਦਮ ਤੋੜ ਦਿੱਤਾ।
ਦੋਸ਼ੀ ਮਹਿਲਾ ਡਾਕਟਰ ਸਾਯਰਾ ਬਾਨੋਂ ‘ਤੇ ਇਕੱਲੇ ਪ੍ਰਦੀਪ ਨੇ ਹੀ ਦੋਸ਼ ਨਹੀਂ ਲਗਾਏ। ਇਕ ਦੂਜੇ ਮਰੀਜ ਦੇ ਤੀਮਾਰਦਾਰ ਮੁਹੰਮਦ ਅਸਲਮ ਮੁਤਾਬਕ ਉਨ੍ਹਾਂ ਦੀ ਪਤਨੀ ਸ਼ਮਾਂ ਦੀ ਡਿਲੀਵਰੀ ਦੇ ਸਮੇਂ ਵੀ ਸਾਯਰਾ ਬਾਨੋਂ ਨੇ 1100 ਰੁਪਏ ਦੀ ਰਿਸ਼ਵਤ ਲੈ ਕੇ ਹੀ ਟਾਂਕੇ ਲਗਾਏ ਸਨ। ਹਸਪਤਾਲ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਦੀ ਗੱਲ ਕਰ ਰਿਹਾ ਹੈ। ਡਾਕਟਰ ਬਾਨੋਂ ਕੁਝ ਸਮਾਂ ਪਹਿਲਾਂ ਵੀ ਵਿਵਾਦ ‘ਚ ਆਈ ਸੀ। ਸਾਯਰਾ ਉਹ ਹੀ ਡਾਕਟਰ ਹੈ ਜਿਸ ‘ਤੇ ਬੁਲੰਦਸ਼ਹਿਰ ਹਾਈਵੇਅ ਗੈਂਗਰੇਪ ‘ਚ ਪੀੜਤ ਪੱਖ ਨੇ ਰਾਤ ਨੂੰ ਮੈਡੀਕਲ ਕਰਵਾਉਣ ਦੇ ਨਾਂ ‘ਤੇ ਰਿਸ਼ਵਤ ਦੀ ਮੰਗ ਦਾ ਦੋਸ਼ ਲਗਾਇਆ ਸੀ। ਜਿਸ ਦੀ ਜਾਂਚ ਅੱਜ ਵੀ ਜਾਰੀ ਹੈ।