ਯੋਗੀ ਅਦਿੱਤਿਆ ਨਾਥ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

38

ਪੁਜਾਰੀ ਤੋਂ ਸਿਆਸਦਾਨ ਬਣੇ ਅਤੇ ਹਿੰਦੂਤਵ ਦੇ ਗਰਮਖਿਆਲ ਵਿਵਾਦਪੂਰਣ ਨੇਤਾ ਯੋਗ ਅਦਿੱਤਿਆ ਨਾਥ ਨੇ ਅੱਜ ਉੱਤਰ ਪ੍ਰਦੇਸ਼ ਦੇ 21ਵੇਂ ਅਤੇ ਭਾਜਪਾ ਦੇ ਚੌਥੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ | ਇਥੇ ਕਾਂਸ਼ੀਰਾਮ ਸਮਿਤੀ ਉਪਵਨ ਵਿਖੇ ਹੋਏ ਵੱਡੇ ਸਮਾਰੋਹ ਵਿਖੇ ਰਾਜਪਾਲ ਰਾਮ ਨਾਇਕ ਨੇ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਕੇਸ਼ਵ ਪ੍ਰਸਾਦ ਮੌਰੀਆ ਅਤੇ ਪਾਰਟੀ ਦੇ ਕੌਮੀ ਉਪ ਪ੍ਰਧਾਨ ਦਿਨੇਸ਼ ਸ਼ਰਮਾ ਨੂੰ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁਕਾਈ | ਉਹ 44 ਸਾਲਾ ਅਦਿੱਤਿਆ ਨਾਥ ਦੀ ਉਪ ਮੁੱਖ ਮੰਤਰੀਆਂ ਵਜੋਂ ਸਹਾਇਤਾ ਕਰਨਗੇ | ਮਜ਼ੇ ਦੀ ਗੱਲ ਇਹ ਹੈ ਕਿ ਤਿੰਨਾਂ ਵਿੱਚੋਂ ਕੋਈ ਵੀ ਉੱਤਰ ਪ੍ਰਦੇਸ਼ ਦਾ ਵਿਧਾਇਕ ਨਹੀਂ | ਰਾਜਪਾਲ ਨੇ ਕੇਸ਼ਵ ਮੌਰੀਆ ਤੇ ਦਿਨੇਸ਼ ਸ਼ਰਮਾ ਤੋਂ ਇਲਾਵਾ 22 ਹੋਰ ਕੈਬਨਿਟ ਮੰਤਰੀਆਂ ਤੇ ਸੁਤੰਤਰ ਕਾਰਜਭਾਰ ਵਾਲੇ 9 ਰਾਜ ਮੰਤਰੀਆਂ ਅਤੇ 13 ਰਾਜ ਮੰਤਰੀਆਂ ਨੂੰ ਵੀ ਸਹੁੰ ਚੁਕਾਈ | ਮੰਤਰੀ ਮੰਡਲ ਵਿਚ ਸਿੱਖ ਚਿਹਰੇ ਵਜੋਂ ਬਲਦੇਵ ਸਿੰਘ ਔਲਖ ਅਤੇ ਮੁਸਲਿਮ ਚਿਹਰੇ ਵਜੋਂ ਕ੍ਰਿਕਟ ਖਿਡਾਰੀ ਤੋਂ ਸਿਆਸਤਦਾਨ ਬਣੇ ਮੋਹਸਿਨ ਰਜ਼ਾ ਨੂੰ ਸ਼ਾਮਿਲ ਕੀਤਾ ਗਿਆ ਹੈ | ਰਜ਼ਾ ਵੀ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਮੈਂਬਰ ਨਹੀਂ | ਸ. ਔਲਖ ਅਤੇ ਰਜ਼ਾ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ | ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿਚ ਇਕ ਵੀ ਮੁਸਲਮਾਨ ਨੂੰ ਉਮੀਦਵਾਰ ਨਹੀਂ ਸੀ ਬਣਾਇਆ | ਗੋਰਖਪੁਰ ਤੋਂ ਪੰਜ ਵਾਰ ਸੰਸਦ ਰਹੇ ਅਦਿੱਤਿਆ ਨਾਥ ਜਿਸ ਕੋਲ ਪ੍ਰਸ਼ਾਸਕੀ ਤਜਰਬੇ ਦੀ ਘਾਟ ਹੈ ਨੂੰ ਕਲ੍ਹ ਨਵੇਂ ਚੁਣੇ ਵਿਧਾਇਕਾਂ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਭਾਜਪਾ ਵਿਧਾਇਕ ਪਾਰਟੀ ਦਾ ਨੇਤਾ ਚੁਣ ਲਿਆ ਸੀ | ਸਹੁੰ ਚੁੱਕ ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪਾਰਟੀ ਦੇ ਉੱਘੇ ਨੇਤਾ ਐਲ. ਕੇ. ਅਡਵਾਨੀ ਮੌਜੂਦ ਸਨ | ਸਮਾਰੋਹ ਵਿਚ ਅਹੁਦੇ ਤੋਂ ਹਟ ਰਹੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਵੀ ਮੌਜੂਦ ਸਨ | ਭਿ੍ਸ਼ਟਾਚਾਰ ਿਖ਼ਲਾਫ ਪਹਿਲੇ ਹੀ ਦਿਨ ਸਖ਼ਤ ਸੁਨੇਹਾ ਦਿੰਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਨੇ ਅੱਜ ਆਪਣੇ ਮੰਤਰੀ-ਮੰਡਲ ਦੇ ਸਭ ਸਹਿਯੋਗੀਆਂ ਨੂੰ 15 ਦਿਨਾਂ ‘ਚ ਆਪਣੀ ਆਮਦਨ, ਚੱਲ ਤੇ ਅਚੱਲ ਸੰਪਤੀ ਦਾ ਵੇਰਵਾ ਮੁਹੱਈਆ ਕਰਵਾਉਣ ਲਈ ਕਿਹਾ ਹੈ | ਮੁੱਖ ਮੰਤਰੀ ਨੇ ਮੀਡੀਆ ਨੂੰ ਸਪੱਸ਼ਟ ਕੀਤਾ ਹੈ ਕਿ ਸਰਕਾਰ ਬਿਨਾਂ ਕਿਸੇ ਭੇਦ-ਭਾਵ ਦੇ ‘ਸਭ ਦਾ ਸਾਥ- ਸਭ ਦਾ ਵਿਕਾਸ’ ਏਜੰਡੇ ਅਨੁਸਾਰ ਕੰਮ ਕਰੇਗੀ | ਯੋਗੀ ਅਦਿੱਤਿਆ ਨਾਥ ਦੇ ਮੁੱਖ ਮੰਤਰੀ ਬਣਨ ਬਾਅਦ ਦੇਸ਼ ‘ਚ ਅਣਵਿਆਹੇ ਮੁੱਖ ਮੰਤਰੀਆਂ ਦੀ ਗਿਣਤੀ 6 ਹੋ ਗਈ ਹੈ |