ਰੂਸ ‘ਚ ਜਹਾਜ਼ ਹਾਦਸਾਗ੍ਰਸਤ 71 ਲੋਕਾਂ ਦੀ ਮੌਤ

Russia
Russia

ਰੂਸ ਦਾ ਇਕ ਯਾਤਰੀ ਜਹਾਜ਼ ਦੋਮੋਦੇਦੋਵੋ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ | ਜਹਾਜ਼ ‘ਚ ਸਵਾਰ ਸਾਰੇ 71 ਯਾਤਰੀਆਂ ਦੀ ਇਸ ਹਾਦਸੇ ‘ਚ ਮੌਤ ਹੋ ਗਈ | ਸਾਰਾਤੋਵ ਏਅਰਲਾਈਨਜ਼ ਦੇ ਅਨਤੋਨੋਵ ਏ ਐਨ-148 ਜਹਾਜ਼ ਨੇ ਓਰਸੇਕ ਲਈ ਉਡਾਣ ਭਰੀ ਸੀ ਅਤੇ ਉਹ ਮਾਸਕੋ ਦੇ ਬਾਹਰਵਾਰ ਪੈਂਦੇ ਰਾਮਨਸਕੇ ਜ਼ਿਲ੍ਹੇ ‘ਚ ਹਾਦਸਾਗ੍ਰਸਤ ਹੋ ਗਿਆ | ਰੂਸੀ ਖ਼ਬਰ ਏਜੰਸੀਆਂ ਮੁਤਾਬਿਕ ਜਹਾਜ਼ ‘ਚ 65 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ | ਅਰਗੁਨੋਵੋ ਪਿੰਡ ‘ਚ ਪ੍ਰਤੱਖਦਰਸ਼ੀਆਂ ਨੇ ਇਕ ਜਲਦੇ ਹੋਏ ਜਹਾਜ਼ ਨੂੰ ਅਸਮਾਨ ਤੋਂ ਡਿਗਦੇ ਵੇਖਿਆ | ਇਕ ਖ਼ਬਰ ਏਜੰਸੀ ਦੇ ਮੁਤਾਬਿਕ ਹਾਦਸੇ ਵਾਲੀ ਥਾਂ ਤੋਂ ਕਾਫ਼ੀ ਦੂਰ-ਦੂਰ ਤੱਕ ਜਹਾਜ਼ ਦਾ ਮਲਬਾ ਿਖ਼ਲਰਿਆ ਹੋਇਆ ਹੈ | ਦੱਸਣਯੋਗ ਹੈ ਕਿ 7 ਸਾਲ ਪੁਰਾਣੇ ਰੂਸੀ ਜਹਾਜ਼ ਨੂੰ ਸਾਰਾਤੋਵ ਏਅਰਲਾਈਨਜ਼ ਨੇ ਇਕ ਸਾਲ ਪਹਿਲਾਂ ਕਿਸੇ ਹੋਰ ਰੂਸੀ ਏਅਰਲਾਈਨ ਤੋਂ ਖ਼ਰੀਦਿਆ ਸੀ | ਜਾਣਕਾਰੀ ਅਨੁਸਾਰ ਅਪਾਤਕਾਲ ਸੇਵਾਵਾਂ ਦੇ ਮੈਂਬਰ ਸੜਕ ਰਸਤੇ ਰਾਹੀਂ ਦੁਰਘਟਨਾ ਸਥਾਨ ‘ਤੇ ਪਹੁੰਚਣ ‘ਚ ਅਸਮਰੱਥ ਸਨ, ਇਸ ਲਈ ਉਹ ਪੈਦਲ ਉੱਥੇ ਗਏ | ਮਾਸਕੋ ਦੇ ਦੂਸਰੇ ਸਭ ਤੋਂ ਵੱਡੇ ਦੋਮੋਦੇਦੋਵੋ ਹਵਾਈ ਅੱਡੇ ਦੇ ਇਕ ਸੂਤਰ ਨੇ ਦੱਸਿਆ ਕਿ ਉਡਾਣ ਭਰਨ ਤੋਂ ਦੋ ਮਿੰਟਾਂ ਦੇ ਬਾਅਦ ਹੀ ਜਹਾਜ਼ ਰਾਡਾਰਾਂ ਤੋਂ ਲਾਪਤਾ ਹੋ ਗਿਆ ਸੀ | ਰੂਸ ਦੇ ਆਵਾਜਾਈ ਮੰਤਰੀ ਨੇ ਕਿਹਾ ਕਿ ਖ਼ਰਾਬ ਮੌਸਮ ਅਤੇ ਮਨੁੱਖੀ ਗਲਤੀ ਸਮੇਤ ਕਈ ਕਾਰਨਾਂ ਨੂੰ ਹਾਦਸੇ ਲਈ ਮੰਨਿਆ ਜਾ ਰਿਹਾ ਹੈ | ਇਸ ਹਾਦਸੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਓਰੇਨਬਰਗ ਇਲਾਕੇ ਦੇ ਰਾਜਪਾਲ ਨੇ ਦੱਸਿਆ ਕਿ ਜਹਾਜ਼ ‘ਚ ਸਵਾਰ ਯਾਤਰੀਆਂ ‘ਚ 60 ਤੋਂ ਵੱਧ ਯਾਤਰੀ ਓਰੇਨਬਰਗ ਇਲਾਕੇ ਤੋਂ ਸੀ |
ਰਾਸ਼ਟਰਪਤੀ ਪੁਤਿਨ ਵਲੋਂ ਦੁੱਖ ਦਾ ਪ੍ਰਗਟਾਵਾ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਸਰਕਾਰੀ ਟੈਲੀਵਿਜ਼ਨ ਚੈਨਲ ਨੇ ਹਾਦਸੇ ਵਾਲੀ ਸਥਾਨ ਦੀ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ‘ਚ ਬਰਫ਼ ‘ਤੇ ਜਹਾਜ਼ ਦਾ ਮਲਬਾ ਖਿਲਰਿਆ ਵਿਖਾਈ ਦੇ ਰਿਹਾ ਹੈ | ਦੱਸਣਯੋਗ ਹੈ ਕਿ ਅਕਸਰ ਹੀ ਰੂਸ ‘ਚ ਜਹਾਜ਼ ਹਾਦਸੇ ਵਾਪਰਦੇ ਰਹਿੰਦੇ ਹਨ | ਨਵੰਬਰ ‘ਚ ਵੀ ਰੂਸ ‘ਚ ਇਕ ਹਲਕਾ ਜਹਾਜ਼ ਹਾਦਸਾਗ੍ਰਸਤ ਹੋਇਆ ਸੀ | ਜਿਸ ‘ਚ 6 ਲੋਕ ਮਾਰੇ ਗਏ ਸਨ | ਦਸੰਬਰ 2016 ‘ਚ ਰੂਸ ਦੀ ਸੈਨਾ ਦਾ ਇਕ ਜਹਾਜ਼ ਦੁਰਘਟਨਾਗ੍ਰਸਤ ਹੋਇਆ ਸੀ, ਜਿਸ ‘ਚ ਸਵਾਰ ਸਾਰੇ 92 ਲੋਕ ਮਾਰੇ ਗਏ ਸਨ |

LEAVE A REPLY