ਵਿਆਹ ਦੇ ਡੇਢ ਮਹੀਨੇ ਬਾਅਦ ਹੀ ਲੜਕੀ ਨੇ ਲਾਇਆ ਮੌਤ ਨੂੰ ਗਲੇ

35
ਕਰਨਾਲ— ਇੱਥੋਂ ਦੇ ਸੈਕਟਰ-9 ‘ਚ ਬੁੱਧਵਾਰ ਦੀ ਸ਼ਾਮ ਇਕ ਨਵ ਵਿਆਹੁਤਾ ਨੇ ਫਾਂਸੀ ਲਾ ਲਈ। ਮ੍ਰਿਤਕ ਦਾ ਡੇਢ ਮਹੀਨੇ ਪਹਿਲਾਂ ਬੈਂਕ ਮੈਨੇਜਰ ਨਾਲ ਵਿਆਹ ਹੋਇਆ ਸੀ। ਪੁਲਸ ਨੇ ਮੌਕੇ ‘ਤੇ ਪੁੱਜ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਐੱਫ.ਐੱਸ.ਐੱਲ. ਟੀਮ ਨੂੰ ਵੀ ਬੁਲਾਇਆ ਅਤੇ ਸੈਂਪਲ ਲੈ ਲਏ ਹਨ।
ਮ੍ਰਿਤਕ ਵਿਆਹੁਤਾ ਮੰਜੂ ਦੇ ਘਰਵਾਲਿਆਂ ਨੇ ਦਾਜ ਮੰਗਣ ਦਾ ਦੋਸ਼ ਲਾਇਆ। ਪਰਿਵਾਰ ਵਾਲਿਆਂ ਨੇ ਕਿਹਾ ਕਿ 5 ਲੱਖ ਰੁਪਏ ਦੀ ਐੱਫ.ਡੀ. ਦਿੱਤੀ ਗਈ ਸੀ, ਜਦੋਂ ਕਿ 15 ਲੱਖ ਦੀ ਮੰਗ ਮੰਜੂ ਦਾ ਪਤੀ ਕਰਦਾ ਸੀ ਅਤੇ ਬੁੱਧਵਾਰ ਨੂੰ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਉਨ੍ਹਾਂ ਦੀ ਲੜਕੀ ਨੇ ਫਾਂਸੀ ਲਾ ਲਈ ਹੈ। ਜ਼ਿਕਰਯੋਗ ਹੈ ਕਿ ਮੰਜੂ ਦਾ ਵਿਆਹ ਅਜੇ ਡੇਢ ਮਹੀਨੇ ਪਹਿਲਾਂ ਹੀ ਬੈਂਕ ਮੈਨੇਜਰ ਰਾਜੀਵ ਵਧਵਾ ਨਾਲ ਹੋਇਆ ਸੀ। ਫਿਲਹਾਲ ਮੰਜੂ ਨੇ ਕਿਉਂ ਫਾਂਸੀ ਲਾ ਕੇ ਖੁਦਕੁਸ਼ੀ ਕੀਤੀ, ਇਸ ਦੀ ਜਾਂਚ ਪੁਲਸ ਕਰ ਰਹੀ ਹੈ। ਮੰਜੂ ਪੜ੍ਹੀ-ਲਿਖੀ ਸੀ ਅਤੇ ਪ੍ਰੋਫੈਸਰ ਦੀ ਨੌਕਰੀ ਕਰਦੀ ਸੀ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕਈ ਵਾਰ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਦੀ ਲੜਕੀ ਨੂੰ ਤੰਗ ਕੀਤਾ ਜਾ ਰਿਹਾ ਹੈ। ਉਹ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।