ਹਿੰਦੁਸਤਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦੈ-ਨਿਤਿਸ਼

ਰਤਨਜੀਤ ਸਿੰਘ ਸ਼ੈਰੀ
ਇੰਦੌਰ, 11 ਫਰਵਰੀ-ਅੱਜ ਗਵਾਲੀਅਰ ਕਿਲ੍ਹੇ ਦੇ ਉਸ ਇਤਿਹਾਸਕ ਸਥਾਨ ‘ਤੇ ਨਤਮਸਤਕ ਹੋ ਕੇ ਮੈਂ ਆਪਣੇ ਆਪ ਨੂੰ ਬੜਾ ਹੀ ਸੁਭਾਗਾ ਸਮਝ ਰਿਹਾ ਹਾਂ, ਜਿੱਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਚਰਨ ਪਾਏ | ਇਸ ਸਥਾਨ ‘ਤੇ ਆ ਕੇ ਮੈਨੂੰ ਬੜਾ ਹੀ ਚੰਗਾ ਲੱਗ ਰਿਹਾ ਹੈ | ਸਿੱਖਾਂ ਦਾ ਇਤਿਹਾਸ ਸੁਣ ਕੇ ਮੈਨੂੰ ਇਸ ਤਰ੍ਹਾਂ ਲਗਦਾ ਹੈ ਕਿ ਪੂਰੇ ਹਿੰਦੁਸਤਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ | ਉਨ੍ਹਾਂ ਨੇ ਜੋ ਸਰਬੰਸ ਦੀ ਕੁਰਬਾਨੀ ਦਿੱਤੀ ਦੁਨੀਆ ਦੇ ਇਤਿਹਾਸ ਵਿਚ ਇਹੋ ਜਿਹੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ | ਇਹ ਵਿਚਾਰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਸਨ ਜੋ ਉਨ੍ਹਾਂ ਗੁਰਦੁਆਰਾ ਦਾਤਾ ਬੰਦੀਛੋੜ ਗਵਾਲੀਅਰ ਕਿਲ੍ਹੇ ਵਿਖੇ ਪ੍ਰਗਟਾਏ | ਆਉਂਦਿਆਂ ਹੀ ਉਨ੍ਹਾਂ ਨੇ ਫਤਹਿ ਬੁਲਾਈ ਤੇ ਜੈਕਾਰਾ ਵੀ ਛੱਡਿਆ | ਨਿਤਿਸ਼ ਕੁਮਾਰ ਨੂੰ ਸਨਮਾਨਿਤ ਕਰਦਿਆਂ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਕਿਹਾ ਕਿ 351 ਸਾਲਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਜੋ ਸੰਪੂਰਨ ਵਿਵਸਥਾਵਾਂ ਬਿਹਾਰ ਖਾਸ ਕਰਕੇ ਪਟਨਾ ਵਿਖੇ ਸ੍ਰੀ ਨਿਤਿਸ਼ ਕੁਮਾਰ ਨੇ ਕੀਤੀਆਂ ਸਨ, ਉਸ ਨਾਲ ਹਰ ਸਿੱਖ ਦੇ ਦਿਲ ਵਿਚ ਨਿਤਿਸ਼ ਕੁਮਾਰ ਪ੍ਰਤੀ ਸ਼ਰਧਾ ਤੇ ਸਨਮਾਨ ਪੈਦਾ ਹੋਇਆ ਹੈ | ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਨਿਤਿਸ਼ ਕੁਮਾਰ ਨੂੰ ਬਾਬਾ ਜੀ ਨੇ ਸਿਰੋਪਾਓ ਦੇ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਤਸਵੀਰ ਵੀ ਦਿੱਤੀ | ਬਾਬਾ ਲੱਖਾ ਸਿੰਘ ਤੇ ਬਾਬਾ ਪ੍ਰੀਤਮ ਸਿੰਘ ਨੇ ਨਿਤਿਸ਼ ਕੁਮਾਰ ਤੇ ਉਸ ਦੇ ਨਾਲ ਆਏ ਉਸ ਦੇ ਸਾਥੀਆਂ ਨੂੰ ਜੀ ਆਇਆਂ ਕਿਹਾ | ਬਾਬਾ ਸੇਵਾ ਸਿੰਘ ਜੀ ਵਲੋਂ ਗਵਾਲੀਅਰ ਤੇ ਖਡੂਰ ਸਾਹਿਬ ਵਿਖੇ ਚਲਾਏ ਜਾ ਰਹੇ ਹਰਿਆਵਲ ਪ੍ਰਾਜੈਕਟਾਂ ਦੀ ਜਾਣਕਾਰੀ ਦਿੱਤੀ ਗਈ | ਬਲਦੇਵ ਸਿੰਘ ਸੰਧੂ ਨੇ ਬਾਬਾ ਸੇਵਾ ਸਿੰਘ ਵਲੋਂ ਚਲਾਏ ਪ੍ਰਾਜੈਕਟਾਂ ਬਾਰੇ ਦੱਸਿਆ ਜਿਸ ਤੋਂ ਨਿਤਿਸ਼ ਕੁਮਾਰ ਬੜੇ ਪ੍ਰਭਾਵਿਤ ਹੋਏ | ਬਾਬਾ ਸੇਵਾ ਸਿੰਘ ਨੇ ਗਵਾਲੀਅਰ ਆਈ.ਟੀ.ਐਮ. ਯੂਨੀਵਰਸਿਟੀ ਦੇ ਡਾਇਰੈਕਟਰ ਰਮਾ ਸ਼ੰਕਰ ਸਿੰਘ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ ਮੈਨੇਜਰ ਦੇਵਿੰਦਰ ਸਿੰਘ, ਅੰਗਰੇਜ਼ ਸਿੰਘ, ਸੁਖਬੀਰ ਸਿੰਘ ਸੁੱਖਾ ਆਦਿ ਵੀ ਹਾਜ਼ਰ ਸਨ | ਸਨਮਾਨਿਤ ਕਰਨ ‘ਤੇ ਨਿਤਿਸ਼ ਕੁਮਾਰ ਨੇ ਬਾਬਾ ਸੇਵਾ ਸਿੰਘ, ਬਾਬਾ ਲੱਖਾ ਸਿੰਘ ਤੇ ਬਾਬਾ ਪ੍ਰੀਤਮ ਸਿੰਘ ਤੇ ਹੋਰ ਸੇਵਾਦਾਰਾਂ ਦਾ ਧੰਨਵਾਦ ਕੀਤਾ |

LEAVE A REPLY