ਹੁਣ ਪੰਜਾਬ ‘ਚ ਵੀ ਸ਼ਾਹੀ-ਠਾਠ ਨਾਲ ਵਿਆਹ ਕਰਨ ਵਾਲਿਆਂ ਦੀਆਂ ਆਸਾਂ ‘ਤੇ ਫਿਰੇਗਾ ਪਾਣੀ!

60

ਲੁਧਿਆਣਾ— ਹਾਲ ਹੀ ‘ਚ ਜੰਮੂ ਕਸ਼ਮੀਰ ਦੀ ਸਰਕਾਰ ਨੇ ਸਮਾਜ ‘ਚ ਵਿਆਹ ਰੂਪੀ ਦੈਂਤ ਨੂੰ ਨੱਥ ਪਾਉਣ ਲਈ ਅਤੇ ਲੋਕਾਂ ਨੂੰ ਵਿਆਹਾਂ ਸ਼ਾਦੀਆਂ ਦੀ ਆੜ ‘ਚ ਆਪਣੀ ਸਸਤੀ ਸ਼ੋਹਰਤ, ਡਰਾਮੇਬਾਜ਼ੀ ਅਤੇ ਬਾਅਦ ‘ਚ ਨਿਕਲਣ ਵਾਲੇ ਸਿੱਟਿਆਂ ਨੂੰ ਰੋਕਣ ਲਈ ਸਖਤ ਫੈਸਲਾ ਲਿਆ ਹੈ ਕਿ ਜੰਮੂ ‘ਚ ਹੁਣ ਕੋਈ ਵਿਆਹ ਦੇ ਕਾਰਡ ਨਾਲ ਮਠਿਆਈ ਦਾ ਡੱਬਾ ਜਾਂ ਡਰਾਈ ਫਰੂਟ ਆਦਿ ਨਹੀਂ ਦੇਵੇਗਾ। ਲੜਕੇ ਦੇ ਵਿਆਹ ‘ਚ 400 ਮਹਿਮਾਨ, ਲੜਕੀ ਦੇ ਵਿਆਹ ‘ਚ 500 ਮਹਿਮਾਨ ਸ਼ਾਮਲ ਹੋਣਗੇ। ਸਿਰਫ 7 ਸਬਜ਼ੀਆਂ ਅਤੇ ਦੋ ਮਠਿਆਈਆਂ ਬਣਾਈਆਂ ਜਾਣਗੀਆਂ। ਇਸ ਦੇ ਨਾਲ ਹੀ ਡੀ. ਜੇ. ਅਤੇ ਆਤਿਸ਼ਬਾਜ਼ੀ ‘ਤੇ ਵੀ ਪਾਬੰਦੀ ਲਗਾਈ ਗਈ ਹੈ।
ਬਾਕੀ ਇਸ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਰਕਾਰ ਦੇ ਅਹਿਲਕਾਰ ਅਤੇ ਦੋ ਮਹਿਕਮੇ ਪੂਰੀ ਬਾਜ਼ ਦੀ ਅੱਖ ਰੱਖਣਗੇ ਅਤੇ ਸਖਤ ਜ਼ੁਰਮਾਨੇ ਹੋਣਗੇ। ਇਹ ਸਭ-ਕੁਝ ਜੰਮੂ ਸਰਕਾਰ ਨੇ ਤਾਂ ਕਰ ਲਿਆ ਹੈ। ਹੁਣ ਪੰਜਾਬ ‘ਚ ਵਿਆਹਾਂ ਦੀ ਆੜ ‘ਚ ਕੀਤੇ ਜਾਂਦੇ ਕਰੋੜਾਂ ਰੁਪਏ ਖਰਚ, ਮੀਟ ਮੁਰਗੇ, ਦਾਰੂ, ਮੱਛੀ, ਡੀ. ਜੇ., ਚੋਟੀ ਦੇ ਪੰਜਾਬੀ ਕਲਾਕਾਰ, ਮਹਿੰਗੀ ਸ਼ਰਾਬ ਅਤੇ ਕੱਬਾਬ, ਮਹਿਲਾਂ ਵਰਗੇ ਪੈਲੇਸ, ਆਤਿਸ਼ਬਾਜ਼ੀ ਦੇ ਧੂਮ-ਧੜੱਕੇ ਨੂੰ ਵੀ ਨੱਥ ਪਾਉਣ ਲਈ ਪੰਜਾਬ ਦੀ ਮੌਜੂਦਾ ਸਰਕਾਰ ਕੀ ਕੋਈ ਕਦਮ ਚੁੱਕੇਗੀ, ਕਿਉਂਕਿ ਪੰਜਾਬ ਤਾਂ ਵਿਆਹਾਂ ਦੇ ਮਾਮਲੇ ‘ਚ ਦੇਸ਼ ਦੇ ਸਾਰਿਆਂ ਸੂਬਿਆਂ ਨਾਲੋਂ ਖਰਚ ਕਰਨ ਦੇ ਮਾਮਲੇ ‘ਚ ਕੌੜੀ ਵੇਲ ਵਾਂਗ ਵੱਧ ਕੇ ਟੀਸੀ ‘ਤੇ ਪਹੁੰਚ ਚੁੱਕਾ ਹੈ। ਭਾਵੇਂ ਪੰਜਾਬ ਦੇ ਲੋਕ ਵਿਆਹ ਕਰਨ ਮੌਕੇ ਆਪਣੇ ਧੀਆਂ-ਪੁੱਤਰਾਂ ਦੇ ਦਬਾਅ ਹੇਠ ਅਤੇ ਉਨ੍ਹਾਂ ਦੀਆਂ ਮੰਗਾਂ ਅਤੇ ਸਮਾਜ ‘ਚ ਆਪਣੀ ਪਿੱਠ ਨਾ ਲੱਗਣ ਦੇਣ ਦੀ ਸੂਰਤ ‘ਚ ਇਹ ਸਭ ਕੁਝ ਬਰਦਾਸ਼ਤ ਕਰ ਲੈਂਦੇ ਹਨ ਪਰ ਉਸ ਦੇ ਨਤੀਜੇ ਜੋ ਵਿਆਹ ਤੋਂ ਇਕ ਸਾਲ ਬਾਅਦ ਨਿਕਲਦੇ ਉਹ ਸੁਣ ਕੇ ਅਤੇ ਦੇਖ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਸੋ ਪੰਜਾਬ ਦੇ ਲੋਕਾਂ ਦੀ ਹੁਣ ਨਵੀਂ ਬਣਨ ਵਾਲੀ ਸਰਕਾਰ ਤੋਂ ਆਸ ਹੈ ਕਿ ਨਵੀਂ ਸਰਕਾਰ ਜੰਮੂ ਵਾਂਗ ਪੰਜਾਬੀਆਂ ਨੂੰ ਵੀ ਮਹਿੰਗੇ ਵਿਆਹ ਕਰਨ ਤੋਂ ਰੋਕਣ ਲਈ ਸਖਤ ਡੰਡੇ ਵਾਲਾ ਕਾਨੂੰਨ ਲਿਆਵੇ ਤਾਂ ਜੋ ਪੰਜਾਬ ਦੀ ਆਰਥਿਕ ਬਰਬਾਦੀ ਰੁੱਕ ਸਕੇ।