ਜ਼ਿੰਦਾਬਾਦ ਯਾਰੀਆਂ! ਪੰਜ ਸਾਲਾ ਬੱਚਿਆਂ ਨੇ ਦੁਨੀਆ ਨੂੰ ਸਿਖਾਇਆ ਸਬਕ

44
ਜ਼ਿੰਦਗੀ ਦੇ ਕਈ ਸਭ ਤੋਂ ਵੱਡੇ ਸਬਕ ਸਾਨੂੰ ਉਨ੍ਹਾਂ ਤੋਂ ਸਿੱਖਣ ਨੂੰ ਮਿਲਦੇ ਹਨ, ਜਿਨ੍ਹਾਂ ਕੋਲ ਜ਼ਿੰਦਗੀ ਦਾ ਸਭ ਤੋਂ ਘੱਟ ਅਨੁਭਵ ਹੁੰਦਾ ਹੈ। ਅਜਿਹਾ ਇਕ ਸਬਕ ਦੁਨੀਆ ਨੂੰ ਸਿਖਾ ਦਿੱਤਾ ਹੈ ਅਮਰੀਕਾ ਦੇ ਦੋ ਪੰਜ ਸਾਲਾ ਬੱਚਿਆਂ ਨੇ। ਜਿਨ੍ਹਾਂ ਦੀ ਦੋਸਤੀ ਨੇ ਨਸਲਵਾਦ ਨੂੰ ਮਾਤ ਪਾ ਦਿੱਤੀ ਹੈ। ਕੈਨਟਕੀ ਦੇ ਰਹਿਣ ਵਾਲੇ ਪੰਜ ਸਾਲਾ ਗੋਰੇ ਬੱਚੇ ਜੈਕਸ ਨੇ ਆਪਣੀ ਮੰਮੀ ਨੂੰ ਕਿਹਾ ਕਿ ਉਹ ਉਸ ਦੇ ਵਾਲ ਉਸ ਦੇ ਕਾਲੇ ਦੋਸਤ ਵਾਂਗ ਕਟਵਾ ਦੇਵੇ ਤਾਂ ਉਹ ਦੋਵੇਂ ਇੱਕੋ-ਜਿਹੇ ਲੱਗਣਗੇ ਅਤੇ ਕੋਈ ਉਨ੍ਹਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਗੋਰੇ ਬੱਚੇ ਦਾ ਮੰਨਣਾ ਸੀ ਕਿ ਜੇਕਰ ਉਨ੍ਹਾਂ ਦੇ ਹੇਅਰ ਕੱਟ ਇੱਕੋ ਜਿਹੇ ਹੋਣਗੇ ਤਾਂ ਉਨ੍ਹਾਂ ਦੀ ਅਧਿਆਪਿਕਾ ਉਨ੍ਹਾਂ ਨੂੰ ਵੱਖ ਨਹੀਂ ਸਮਝੇਗੀ। ਜੈਕਸ ਦੀ ਮਾਂ ਨੇ ਜਦੋਂ ਸੋਸ਼ਲ ਮੀਡੀਆ ‘ਤੇ ਇਹ ਘਟਨਾ ਸਾਂਝੀ ਕੀਤੀ ਤਾਂ ਇਹ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ। ਜੈਕਸ ਦੀ ਮਾਂ ਨੇ ਕਿਹਾ ਕਿ ਉਹ ਖੁਸ਼ ਹੈ ਕਿ ਦੁਨੀਆ ਨੇ ਉਸ ਪਿਆਰ ਅਤੇ ਏਕਤਾ ਨੂੰ ਦੇਖਣ ਅਤੇ ਸਮਝਣ ਦੀ ਕੋਸ਼ਿਸ਼ ਕੀਤੀ, ਜੋ ਇਨ੍ਹਾਂ ਬੱਚਿਆਂ ਨੇ ਇਸ ਉਮਰ ਵਿਚ ਦੇਖ ਲਈ। ਇਸ ਘਟਨਾ ਬਾਰੇ ਜਾਣ ਕੇ ਹਰ ਕੋਈ ਇਨ੍ਹਾਂ ਬੱਚਿਆਂ ਦੀਆਂ ਯਾਰੀਆਂ ਨੂੰ ਵੀ ਸਲਾਮ ਕਰ ਰਿਹਾ ਹੈ।