10 ਸਾਲਾ ਸਿੱਖ ਬੱਚੇ ਨੇ ਨਿਊਜ਼ੀਲੈਂਡ ‘ਚ ਮਚਾਈ ਧੂਮ, ਅੰਤਰਰਾਸ਼ਟਰੀ ਫੁੱਟਬਾਲ ਟੀਮ ‘ਚ ਹੋਈ ਚੋਣ

ਆਕਲੈਂਡ — ਨਿਊਜ਼ੀਲੈਂਡ ਵਿਚ ਕੇਸਧਾਰੀ ਬੱਚੇ ਨੇ ਅੰਤਰਰਾਸ਼ਟਰੀ ਫੁੱਟਬਾਲ ਟੀਮ ਵਿਚ ਥਾਂ ਬਣਾ ਕੇ ਇਤਿਹਾਸ ਰਚ ਦਿੱਤਾ ਹੈ। 10 ਸਾਲਾ ਪੰਜਾਬੀ ਮੁੰਡਾ ਇਸ਼ਵੀਰ ਸਿੰਘ ਢਿੱਲੋਂ ਜਦੋਂ ਅੰਤਰਰਾਸ਼ਟਰੀ ਪੱਧਰ ‘ਤੇ ਫੁੱਟਬਾਲ ਦੇ ਮੈਦਾਨ ਵਿਚ ਖੇਡੇਗਾ ਤਾਂ ਹਰ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਹੋ ਜਾਵੇਗਾ। ‘ਓਨੀਹੰਗਾ ਸਪੋਰਟਸ ਫੁੱਟਬਾਲ ਕਲੱਬ’ ਦਾ ਇਹ ਹੋਣਹਾਰ ਖਿਡਾਰੀ ਹੁਣ ਇੱਥੇ ਇਕ ਵੱਕਾਰੀ ਫੁੱਟਬਾਲ ‘ਵਲਿੰਗਟਨ ਫੀਨਿਕਸ ਅਕੈਡਮੀ’ ਵੱਲੋਂ ‘ਅੰਡਰ-12’ ਦੀ ਅੰਤਰਰਾਸ਼ਟਰੀ ਟੀਮ ਵਿਚ ਖੇਡੇਗਾ।
ਇੱਥੇ ਦੱਸ ਦੇਈਏ ਕਿ ਅੰਤਰਰਾਸ਼ਟਰੀ ਪੱਧਰ ‘ਤੇ ਜਾਣ ਵਾਲੇ ਖਿਡਾਰੀਆਂ ਦੀ ਚੋਣ ਬੜੀ ਔਖੀ ਪ੍ਰੀਖਿਆ ਤੋਂ ਬਾਅਦ ਕੀਤੀ ਜਾਂਦੀ ਹੈ। ਸੈਂਕੜੇ ਖਿਡਾਰੀਆਂ ‘ਚੋਂ ਇਨ੍ਹਾਂ ਖਿਡਾਰੀਆਂ ਦੀ ਚੋਣ ਕੀਤੀ ਜਾਂਦੀ ਹੈ। ਇਸ਼ਵੀਰ ਸਿੰਘ, ਪਿਤਾ ਸ. ਰਵਿੰਦਰ ਸਿੰਘ ਢਿੱਲੋਂ ਅਤੇ ਮਾਤਾ ਸ੍ਰੀਮਤੀ ਹਰਦੀਪ ਕੌਰ ਦਾ ਇਕਲੌਤਾ ਬੇਟਾ ਹੈ। ਉਹ  ਬੀਤੇ 4 ਸਾਲਾਂ ਤੋਂ ਫੁੱਟਬਾਲ ਵਿਚ ਕਈ ਮੱਲਾਂ ਮਾਰ ਚੁੱਕਾ ਹੈ। ਮੁੱਖ ਸਟਰਾਈਕਰ ਦੇ ਤੌਰ ‘ਤੇ ਖੇਡਦਾ ਹੋਇਆ ਇਹ ਜੂਨੀਅਰ ਸਟਾਰ ਖਿਡਾਰੀ ‘ਗੋਲਡਨ ਬੂਟ 2016’, ‘ਐਕਸਾਈਟਡ ਟੇਲੈਂਟਡ ਪਲੇਅਰ ਆਫ ਦੀ ਈਅਰ 2016’ ਅਤੇ ਕਈ ਵਾਰ ‘ਬੈਸਟ ਪਲੇਅਰ’ (ਸਭ ਤੋਂ ਵਧੀਆ ਖਿਡਾਰੀ) ਦਾ ਖਿਤਾਬ ਜਿੱਤ ਚੁੱਕਾ ਹੈ। ਦਾਦਾ ਸ. ਤਰਸੇਮ ਸਿੰਘ ਧੀਰੋਵਾਲ ਦਾ ਇਹ ਲਾਡਲਾ ਪੋਤਾ ਵੱਡਾ ਹੋ ਕੇ ਫੁੱਟਬਾਲ ਦੇ ਖੇਤਰ ਵਿਚ ਆਪਣੇ ਦੇਸ਼ ਅਤੇ ਪਰਿਵਾਰ ਦਾ ਨਾਂ ਰੌਸ਼ਨ ਕਰਨਾ ਚਾਹੁੰਦਾ ਹੈ। ਇਸ ਵੇਲੇ ਇਸ਼ਵੀਰ ਸਿੰਘ, ਮਿਸ਼ਨ ਹਾਈਟ ਪਬਲਿਕ ਸਕੂਲ ਵਿਚ ਛੇਵੇਂ ਸਾਲ ਦੀ ਪੜ੍ਹਾਈ ਕਰ ਰਿਹਾ ਹੈ। ਨਿਊਜ਼ੀਲੈਂਡ ਵੱਸਦੇ ਪੰਜਾਬੀ ਭਾਈਚਾਰੇ ਅਤੇ ਪੰਜਾਬੀ ਮੀਡੀਆ ਨੇ ਇਸ਼ਵੀਰ ਦੀ ਇਸ ਸਫਲਤਾ ਅਤੇ ਉਸ ਨੂੰ ਵਧਾਈ ਦਿੱਤੀ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਬਾਰਸੀਲੋਨਾ ਜਾਣ ਵਾਲਾ ਇਹ ਪਹਿਲਾ ਸਰਦਾਰ ਮੁੰਡਾ ਹੈ।

LEAVE A REPLY