‘ਦਾਰੂ ਘਰ ਦੀ,ਬੰਦੂਕ ਬਾਰਾਂ ਬੋਰ ਦੀ’ ਵਾਲੇ ਬਾਈ ਸਾਂਭਣਗੇ ਪੰਜਾਬ ਦਾ ਸੱਭਿਆਚਾਰ..?

ਪੰਜਾਬੀ ਸੱਭਿਆਚਾਰ ਨੂੰ ਸਾਂਭਣ ਲਈ ਪੰਜਾਬ ‘ਚ ਸੱਭਿਆਚਾਰ ਕਮਿਸ਼ਨ ਦਾ ਗਠਨ ਹੋਣ ਜਾ ਰਿਹਾ ਹੈ। ਖ਼ਾਸ ਤੌਰ ‘ਤੇ ‘ਮਾੜੀ ਗਾਇਕੀ’ ਵਾਲਿਆਂ ਖ਼ਿਲਾਫ ਇਹ ਕਮਿਸ਼ਨ ਐਫ ਆਈ ਆਰ ਤੱਕ ਦਰਜ ਕਰਵਾਏਗਾ। ਪੰਜਾਬ ਦੇ ਸੱਭਿਆਚਾਕ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਦਾ ਐਲਾਨ ਕੀਤਾ ਹੈ। ਸੂਤਰਾਂ ਮੁਤਾਬਕ ਨਵੀਂ ਸਰਕਾਰ ਬਣਨ ਤੋਂ ਬਾਅਦ ਨਵਜੋਤ ਸਿੱਧੂ ਦੇ ਨੇੜੇ ਲੱਗੇ ਪੰਮੀ ਬਾਈ ਵੀ ਇਸ ਕਮਿਸ਼ਨ ਦੇ ਮੈਂਬਰ ਬਣ ਸਕਦੇ ਹਨ।  ਪੰਮੀ ਬਾਈ ਨੇ ਸੱਭਿਆਚਾਰ ਦੀ ‘ਸੇਵਾ’ ‘ਚ ਹੀ ‘ਦੋ ਚੀਜ਼ਾਂ ਜੱਟ ਮੰਗ ਦਾ, ਦਾਰੂ ਘਰ ਦੀ ਬੰਦੂਕ ਬਾਰਾਂ ਬੋਰ ਦੀ’ ਵਰਗੇ ਕਈ ਗਾਣੇ ਗਾਏ ਹਨ। ਉਨ੍ਹਾਂ ਨੇ ਹੀ ਗਾਇਆ ਸੀ ਕਿ ‘ਜੇ ਪੀਣੀ ਛੱਡ ‘ਤੀ ਜੱਟਾਂ ਨੇ ਕੌਣ ਮਾਰੂ ਲਲਕਾਰੇ’। ਇਸ ਤੋਂ ਇਲਾਵਾ ਵੀ ਉਨ੍ਹਾਂ ਦਾਰੂ ਤੇ ਗੰਨ ਕਲਚਰ ਨੂੰ ਪੰਜਾਬ ਦੀਆਂ ਵੱਖ ਵੱਖ ਸਟੇਜਾਂ ਤੋਂ ਕਾਫੀ ਪ੍ਰਮੋਟ ਕੀਤਾ। ਹੁਣ ਸਮਝ ਨਹੀਂ ਆ ਰਿਹਾ ਕਿ ਪੰਮੀ ਬਾਈ ਜੱਟਾਂ ਦੇ ਲਾਲਕਾਰੇ ਕਿਉਂ ਬੰਦ ਕਰਵਾਉਣਾ ਚਾਹੁੰਦੇ ਹਨ? ਸੂਤਰਾਂ ਦੀ ਮੰਨੀਏ ਤਾਂ ਬਾਈ ਦੀ ਨਜ਼ਰ ਸੱਭਿਆਚਾਰ ਨਾਲੋਂ ਵੱਧ ਕਮਿਸ਼ਨ ਦੀ ਕੁਰਸੀ ‘ਤੇ ਹੈ।

ਨਵਜੋਤ ਸਿੱਧੂ ਦੀ ਪ੍ਰੈਸ ਕਾਨਫਰੰਸ ‘ਚ ਪੰਮੀ ਬਾਈ ਨੇ ‘ਮਾੜੀ ਗਾਇਕੀ’ ‘ਤੇ ਵੱਡਾ ਨੈਤਿਕ ਲੈਕਚਰ ਦਿੱਤਾ। ਉਹ ਗਾਇਕਾਂ ਨੂੰ ਕਹਿ ਰਹੇ ਹਨ ਕਿ ਪੰਜਾਬ ਦੇ ਸਾਫ ਸੁਥਰੇ ਸੱਭਿਆਚਾਰ ਲਈ ਅਜਿਹੀ ਗਾਇਕੀ ਨਸ਼ੇ ਤੇ ਬੰਦੂਕਾਂ ਜਿਹੀ ਗਾਇਕੀ ਨਹੀਂ ਹੋਣੀ ਚਾਹੀਦੀ ਹੈ।ਹੁਣ ਵੱਡਾ ਸਵਾਲ ਇਹ ਹੈ ਕਿ ਕੀ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਕਮਿਸ਼ਨ ਦੀ ਮੈਂਬਰ ਬਣਾ ਕੇ ਪੰਮੀ ਬਣਾ ਤੋਂ ‘ਜੱਟਾਂ ਵਾਲੇ ਲਾਲਕਾਰੇ ਮਰਵਾਉਣਗੇ? ਕੀ ਕਮਿਸ਼ਨ ‘ਚ ਵੀ ਹੁਣ ‘ਦਾਰੂ ਘਰ ਦੀ,ਬੰਦੂਕ ਬਾਰਾਂ ਬੋਰ ਦੀ’ ਗਾਣੇ ਦਾ ਲੁਤਫ਼ ਲੈਣ ਦਾ ਮੌਕਾ ਮਿਲ ਸਕਦਾ ਹੈ?

 

LEAVE A REPLY